ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਪਹੁੰਚੇ। ਇੱਥੇ ਉਨ੍ਹਾਂ ਨੇ ਸਿਖਲਾਈ ਪੂਰੀ ਕਰਨ ਵਾਲੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਇੱਕ ਪਿੰਡ ਵਿੱਚ 50 ਏਕੜ ਜ਼ਮੀਨ ਵਿੱਚ ਹਾਈ ਸਕਿਉਰਿਟੀ ਡਿਜੀਟਲ ਜੇਲ੍ਹ ਬਣਾਉਣ ਦਾ ਐਲਾਨ ਕੀਤਾ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਜੇਲ੍ਹ ਦੀ ਉਸਾਰੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ 100 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਜੱਜ ਦੇ ਬੈਠਣ ਅਤੇ ਕੰਮ ਕਰਨ ਲਈ ਜ਼ਮੀਨੀ ਮੰਜ਼ਿਲ ‘ਤੇ ਕਮਰੇ ਹੋਣਗੇ। ਇਸ ਤੋਂ ਉਪਰ ਕੈਦੀਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਜੇਲ੍ਹ ਤੋਂ ਅਦਾਲਤ ਵਿਚ ਆਉਣ-ਜਾਣ ਦਰਮਿਆਨ ਕੋਈ ਘਟਨਾ ਨਾ ਵਾਪਰੇ। ਜੱਜ ਖੁਦ ਇੱਥੇ ਬੈਠ ਕੇ ਸੁਣਵਾਈ ਕਰ ਸਕਣਗੇ। ਸੀਐਮ ਮਾਨ ਨੇ ਮੁਹਾਲੀ ਦੇ ਸੈਕਟਰ-68 ਵਿੱਚ ਜੇਲ੍ਹ ਵਿਭਾਗ ਦੇ ਮੁੱਖ ਦਫ਼ਤਰ ਲਈ ਜ਼ਮੀਨ ਲੈਣ ਦੀ ਗੱਲ ਵੀ ਕਹੀ। ਨਾਲ ਹੀ ਮੋਬਾਈਲ ਜੈਮਰ ਤਕਨੀਕ ਨੂੰ ਜਲਦੀ ਲਿਆਉਣ ਲਈ ਕਿਹਾ।
ਪ੍ਰੋਗਰਾਮ ਦੌਰਾਨ ਡੀਜੀਪੀ ਗੌਰਵ ਯਾਦਵ ਸਮੇਤ ਪੁਲਿਸ ਅਤੇ ਹੋਰ ਜੇਲ੍ਹ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਅਨੁਸ਼ਾਸਨ ਨਾਲ ਹਰ ਮੰਜ਼ਿਲ ‘ਤੇ ਪਹੁੰਚਣਾ ਆਸਾਨ ਹੈ-ਮਾਨ
ਸੀਐਮ ਮਾਨ ਨੇ ਕਿਹਾ ਕਿ ਅਨੁਸ਼ਾਸਨ ਅਜਿਹੀ ਚੀਜ਼ ਹੈ, ਜਿਸ ਦੇ ਸਹਾਰੇ ਦੁਨੀਆ ਦੀ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੋਰਸ ਦੀ ਭਲਾਈ ਅਤੇ ਸੁਧਾਰ ਲਈ ਕਈ ਕੰਮ ਕੀਤੇ ਹਨ। ਉਦਾਹਰਣ ਵਜੋਂ ਪੁਲਿਸ ਵਾਲਿਆਂ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਗ੍ਰੀਟਿੰਗ ਕਾਰਡ ਭੇਜਣ ਦੀ ਗੱਲ ਕੀਤੀ।
ਪੰਜਾਬ ਪੁਲੀਸ ਦੇ ਬੇੜੇ ਵਿੱਚ ਸ਼ਾਮਲ 92 ਨਵੇਂ ਵਾਹਨਾਂ ਦਾ ਜ਼ਿਕਰ ਕੀਤਾ। ਸੀਐਮ ਮਾਨ ਨੇ ਕਿਹਾ ਕਿ ਇਹ ਥਾਣਿਆਂ ਅਤੇ ਚੌਕੀਆਂ ਨੂੰ ਨਵੀਆਂ ਗੱਡੀਆਂ ਦੇਣ ਦੇ ਹੁਕਮ ਹਨ। ਕਿਉਂਕਿ ਉਨ੍ਹਾਂ ਨੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਪਹਿਲੀ ਕਾਰਵਾਈ ਕਰਨੀ ਹੈ।