ਲੁਧਿਆਣਾ (ਇੰਟ.)- ਸ਼ਹਿਰ ਦੀਆਂ ਸੜਕਾਂ ‘ਤੇ ਹੁਣ 10 ਸਾਲਾ ਵੰਸ਼ ਪਿਤਾ ਨਾਲ ਜੁਰਾਬਾਂ ਨਹੀਂ ਵੇਚੇਗਾ। ਦੂਜੇ ਬੱਚਿਆਂ ਵਾਂਗ ਉਹ ਵੀ ਸਕੂਲ ਵਿਚ ਪੜ੍ਹਾਈ ਕਰੇਗਾ। ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਇਸ ਦਾ ਐਲਾਨ ਖੁਦ ਮੁੱਖ ਮੰਤਰੀ ਨੇ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੰਸ਼ ਦੇ ਗਰੀਬ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੰਸ਼ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿਚ ਉਹ ਪਰਿਵਾਰ ਦੀ ਆਰਥਿਕ ਮਦਦ ਲਈ ਸੜਕ ਕੰਢੇ ਜੁਰਾਬਾਂ ਵੇਚ ਰਿਹਾ ਸੀ। ਇਸ ਵੀਡੀਓ ਵਿਚ ਉਹ ਇਕ ਕਾਰ ਚਾਲਕ ਨੂੰ 50 ਰੁਪਏ ਵਿਚ ਜੁਰਾਬ ਵੇਚਣ ਤੋਂ ਮਨ੍ਹਾਂ ਕਰ ਦਿੰਦਾ ਹੈ। ਵੰਸ਼ ਦੀ ਇਹ ਵੀਡੀਓ ਇੰਨੀ ਵਾਇਰਲ ਹੋਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਗਈ। ਇਸ ਪਿੱਛੋਂ ਮੁੱਖ ਮੰਤਰੀ ਨੇ ਇਸ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਵੰਸ਼ ਦੀ ਇਸ ਮਿਹਨਤ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
ਬੱਚੇ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਵੇਖਿਆ ਅਤੇ ਆਪੋ-ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ। ਮੁੱਖ ਮੰਤਰੀ ਨੇ ਲੁਧਿਆਣਾ ਦੇ ਡੀ.ਸੀ. ਵਰਿੰਦਰ ਸ਼ਰਮਾ ਨੂੰ ਹੁਕਮ ਦਿੱਤਾ ਹੈ ਕਿ ਆਰਥਿਕ ਤੰਗੀ ਕਾਰਣ ਵੰਸ਼ ਨੇ ਸਕੂਲ ਛੱਡ ਦਿੱਤਾ ਸੀ, ਉਸ ਨੂੰ ਫਿਰ ਤੋਂ ਸਕੂਲ ਭੇਜਿਆ ਜਾਵੇ। ਉਸ ਦੀ ਸਿੱਖਿਆ ਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਵੰਸ਼ ਦੇ ਪਿਤਾ ਪਰਮਜੀਤ ਸਿੰਘ ਵੀ ਜੁਰਾਬ ਵੇਚਣ ਦਾ ਕੰਮ ਕਰਦੇ ਹਨ। ਆਰਥਿਕ ਤੰਗੀ ਕਾਰਣ ਬੱਚਾ ਸਕੂਲ ਛੱਡ ਕੇ ਪਿਤਾ ਵਾਂਗ ਸੜਕ ਕੰਢੇ ਜੁਰਾਬ ਵੇਚਣ ਲੱਗਾ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇਕ ਵੱਡਾ ਭਰਾ ਹੈ। ਵੰਸ਼ ਦਾ ਪੂਰਾ ਪਰਿਵਾਰ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਮੁੱਖ ਮੰਤਰੀ ਵਲੋਂ ਵੰਸ਼ ਦੇ ਪਰਿਵਾਰ ਦੀ ਆਰਥਿਕ ਮਦਦ ਅਤੇ ਪੜ੍ਹਾਈ ਦਾ ਖਰਚਾ ਚੁੱਕਣ ਦੇ ਐਲਾਨ ਪਿੱਛੋਂ ਪੂਰੇ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ।