ਜਲੰਧਰ (ਇੰਟ.)- ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਵਾਇਰਸ ਦੀ ਚੇਨ ਟੁੱਟ ਨਹੀਂ ਰਹੀ ਹੈ। ਸ਼ਨੀਵਾਰ ਨੂੰ 24 ਘੰਟਿਆਂ ਵਿਚ ਤਕਰੀਬਨ 710 ਕੋਰੋਨਾ ਇਨਫੈਕਟਿਡ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 11 ਲੋਕਾਂ ਨੇ ਕੋਰੋਨਾ ਕਾਰਣ ਦਮ ਤੋੜ ਦਿੱਤਾ ਹੈ। ਇਸ ਤੋਂ ਹੁਣ ਤੱਕ ਜਲੰਧਰ ਵਿਚ ਮਰਨ ਵਾਲਿਆਂ ਦੀ ਗਿਣਤੀ 1,143 ਤੱਕ ਪਹੁੰਚ ਗਈ ਹੈ।
ਲਗਾਤਾਰ ਫੈਲਦੇ ਇਨਫੈਕਸ਼ਨ ਕਾਰਣ ਹੁਣ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਕਾਂਟੈਕਟ ਟ੍ਰੇਸਿੰਗ ਦੀ ਨੀਤੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਉਥੇ ਹੀ ਕੋਰੋਨਾ ਇਨਫੈਕਸ਼ਨ ਲਈ ਅਫਸਰਾਂ ਦੇ ਦਾਅਵਿਆਂ ਦੀਆਂ ਵੀ ਧੱਜੀਆਂ ਉੱਡਣ ਲੱਗੀਆਂ ਹਨ। ਜ਼ਿਲੇ ਵਿਚ ਲਗਾਤਾਰ ਮਰੀਜ਼ਾਂ ਦੀ ਰਿਕਾਰਡਤੋੜ ਗਿਣਤੀ ਸਾਹਮਣੇ ਆਉਣ ਕਾਰਣ ਘਬਰਾਹਟ ਦਾ ਮਾਹੌਲ ਬਣਦਾ ਜਾ ਰਿਹਾ ਹੈ।
ਜ਼ਿਲੇ ਵਿਚ ਵੱਡਾ ਮੁੱਦਾ ਹੁਣ ਪੁਲਸ ਅਤੇ ਪ੍ਰਸ਼ਾਸਨ ਵਿਚਾਲੇ ਤਾਲਮੇਲ ਬਣ ਚੁੱਕਾ ਹੈ। ਪ੍ਰਸ਼ਾਸਨ ਦੇ ਪੱਧਰ ‘ਤੇ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸ ਦਾ ਪਾਲਨ ਕਰਨ ਦੀ ਹਿਦਾਇਤ ਦਿੱਤੀ ਜਾਂਦੀ ਹੈ। ਜ਼ਿਲਾ ਮੈਜਿਸਟ੍ਰੇਟ ਇਸ ਨੂੰ ਲਾਗੂ ਕਰਵਾਉਣ ਲਈ ਪੁਲਸ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੂੰ ਭੇਜ ਦਿੰਦੇ ਹਨ।
ਇਸ ਦੇ ਬਾਵਜੂਦ ਜ਼ਮੀਨੀ ਪੱਧਰ ‘ਤੇ ਬਦਤਰ ਹਾਲਾਤ ਹੋ ਚੁੱਕੇ ਹਨ। ਆਪਣੇ ਸਾਹਮਣੇ ਹੀ ਟੁੱਟ ਰਹੇ ਕੋਰੋਨਾ ਨਿਯਮਾਂ ‘ਤੇ ਵੀ ਪੁਲਸ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਜਿਸ ਪੁਲਸ ‘ਤੇ ਫੀਲਡ ਵਿਚ ਸਖ਼ਤੀ ਕਰ ਕੇ ਬਿਨਾਂ ਮਾਸਕ ਅਤੇ ਸੋਸ਼ਲ ਡਿਸਟੈਂਸ ਤੋੜਣ ਵਾਲਿਆਂ ਦੇ ਚਲਾਨ ਕੱਟਣ ਅਤੇ ਕੇਸ ਦਰਜ ਕਰਨ ਦੀ ਜ਼ਿੰਮੇਵਾਰੀ ਹੈ, ਉਸ ਦੇ ਅਫਸਰ ਅਪੀਲ ਨਾਲ ਕੰਮ ਚਲਾ ਰਹੇ ਹਨ। ਜ਼ਿਲੇ ਅਤੇ ਖਾਸ ਕਰ ਕੇ ਸ਼ਹਿਰ ਵਿਚ ਇਨਫੈਕਸ਼ਨ ਫੈਲਣ ਦਾ ਇਹ ਵੱਡਾ ਕਾਰਣ ਬਣ ਚੁੱਕਾ ਹੈ।