ਬੰਗਲਾਦੇਸ਼ ਵਿੱਚ ਸੋਮਵਾਰ ਨੂੰ ਤਖ਼ਤਾ ਪਲਟ ਹੋ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਤੇ ਰਾਜਧਾਨੀ ਢਾਕਾ ਛੱਡ ਦਿੱਤੀ ਹੈ। ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਤੇ ਹਿੰਸਕ ਝੜਪ ਦਰਮਿਆਨ ਇਹ ਵੱਡੀ ਖਬਰ ਸਾਹਮਣੇ ਆਈ ਹੈ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਹੁਣ ਦੇਸ਼ ਦੀ ਕਮਾਨ ਫੌਜ ਦੇ ਹੱਥਾਂ ‘ਚ ਹੈ। ਫੌਜ ਨੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ 45 ਮਿੰਟ ਦਾ ਅਲਟੀਮੇਟਮ ਦਿੱਤਾ ਸੀ। ਸੈਂਕੜੇ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਰਿਹਾਇਸ਼ ‘ਚ ਦਾਖ਼ਲ ਹੋ ਗਏ। ਇਸ ਤੋਂ ਬਾਅਦ ਉਹ ਫੌਜੀ ਹੈਲੀਕਾਪਟਰ ਵਿੱਚ ਰਵਾਨਾ ਹੋ ਗਈ। ਇਹ ਜਾਣਕਾਰੀ ਪ੍ਰਥਮ ਆਲੋ ਡੇਲੀ ਨੇ ਦਿੱਤੀ ਹੈ।
ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ। ਦੇਸ਼ ਵਿੱਚ ਸ਼ਾਂਤੀ ਵਾਪਸ ਲਿਆਵਾਂਗੇ। ਅਸੀਂ ਇਸ ਦੇਸ਼ ਨੂੰ ਇੱਕ ਅੰਤਰਿਮ ਸਰਕਾਰ ਰਾਹੀਂ ਚਲਾਵਾਂਗੇ।” ਜਨਰਲ ਵਕਾਰ-ਉਜ਼-ਜ਼ਮਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ, “ਅੱਗਜ਼ਨੀ ਅਤੇ ਹਿੰਸਾ ਤੋਂ ਦੂਰ ਰਹੋ। ਜੇਕਰ ਤੁਸੀਂ ਲੋਕ ਸਾਡੇ ਨਾਲ ਆ ਜਾਓ ਤਾਂ ਸਥਿਤੀ ਸੁਧਰ ਜਾਵੇਗੀ। ਲੜਾਈ ਅਤੇ ਹਿੰਸਾ ਨਾਲ ਕੁਝ ਹਾਸਲ ਨਹੀਂ ਹੋਵੇਗਾ। ਵਿਵਾਦ ਤੇ ਅਰਾਜਕਤਾ ਤੋਂ ਦੂਰ ਰਹੋ।”
ਦੇਸ਼ ‘ਚ ਲੱਗਾ ਕਰਫਿਊ, ਇੰਟਰਨੈਟ ਸੇਵਾਵਾਂ ਬੰਦ
ਇਸ ਦੌਰਾਨ ਸਰਕਾਰ ਨੇ ਹਿੰਸਾ ‘ਤੇ ਕਾਬੂ ਪਾਉਣ ਲਈ ਮੋਬਾਈਲ ਇੰਟਰਨੈਟ ਬੰਦ ਅਤੇ ਦੇਸ਼ ਭਰ ‘ਚ ਕਰਫਿਊ ਲਗਾ ਦਿੱਤਾ ਹੈ। ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ 3 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਿੰਸਾ ਦੇ ਮੱਦੇਨਜ਼ਰ ਕਈ ਟਰੇਨਾਂ ਦਾ ਸੰਚਾਲਨ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਕੱਪੜਾ ਫੈਕਟਰੀਆਂ ਨੂੰ ਵੀ ਤਾਲੇ ਲੱਗ ਗਏ ਹਨ। ਪੁਲਿਸ ਨੇ ਲੋਕਾਂ ਨੂੰ ਜਿੱਥੋਂ ਤੱਕ ਹੋ ਸਕੇ ਘਰਾਂ ਵਿੱਚ ਰਹਿਣ ਲਈ ਕਿਹਾ ਹੈ।
ਕੀ ਹੈ ਵਿਵਾਦ ਦੀ ਅਸਲ ਜੜ੍ਹ?
ਦਰਅਸਲ ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ਦੇ ਸਬੰਧ ‘ਚ ਰਾਖਵਾਂਕਰਨ ਕਾਨੂੰਨ ਦੀ ਵਿਵਸਥਾ ਹੈ। ਬੰਗਲਾਦੇਸ਼ ਵਿਚ 56 ਫੀਸਦੀ ਸਰਕਾਰੀ ਨੌਕਰੀਆਂ ਰਾਖਵੇਂਕਰਨ ਪ੍ਰਣਾਲੀ ਤਹਿਤ ਰਾਖਵੀਆਂ ਹਨ। ਇਨ੍ਹਾਂ ਨੌਕਰੀਆਂ ਵਿਚੋਂ 30 ਫ਼ੀਸਦੀ 1971 ਦੀ ਆਜ਼ਾਦੀ ਦੀ ਲੜਾਈ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਰਾਖਵੇਂ ਹਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਲੋਕਾਂ ਨੂੰ ਰਾਖਵਾਂਕਰਨ ਦੇਣ ਦੇ ਪੱਖ ਵਿਚ ਹੈ, ਜੋ ਸ਼ੇਖ ਹਸੀਨਾ ਸਰਕਾਰ ਦਾ ਸਮਰਥਨ ਕਰਦੇ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀ ਹਨ। ਬੰਗਲਾਦੇਸ਼ ਵਿਚ ਸਰਕਾਰੀ ਨੌਕਰੀਆਂ ‘ਚ 30 ਫੀਸਦੀ ਰਾਖਵੇਂਕਰਨ ਦੀ ਕੋਟਾ ਪ੍ਰਣਾਲੀ ਨੂੰ ਲੈ ਕੇ ਪਿਛਲੇ ਮਹੀਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।
ਬੰਗਲਾਦੇਸ਼ ‘ਚ ਤਖਤਾਪਲਟ, ਪੀਐਮ ਨੇ ਦਿੱਤਾ ਅਸਤੀਫਾ, ਦੇਸ਼ ਛੱਡ ਕੇ ਭੱਜਣਾ ਪਿਆ, ਦੇਸ਼ ‘ਚ ਕਰਫਿਊ, ਇੰਟਰਨੈਟ ਬੰਦ, ਜਾਣੋ ਕਾਰਨ ?
ਬੰਗਲਾਦੇਸ਼ ਵਿੱਚ ਸੋਮਵਾਰ ਨੂੰ ਤਖ਼ਤਾ ਪਲਟ ਹੋ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਤੇ ਰਾਜਧਾਨੀ ਢਾਕਾ ਛੱਡ ਦਿੱਤੀ ਹੈ। ਰਾਖਵਾਂਕਰਨ ਵਿਰੋਧੀ…
