ਚੇਨਈ – ਚੇਨਈ ਸੁਪਰਕਿੰਗਜ਼ (ਸੀ.ਐੱਸ.ਕੇ.) ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੀ ਇਕ ਵਾਰ ਫਿਰ ਤੋਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਕਾਰਣ ਉਨ੍ਹਾਂ ਦਾ ਆਸਟ੍ਰੇਲੀਆ ਪਰਤਣਾ ਔਖਾ ਹੋ ਗਿਆ ਹੈ। ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਹਸੀ ਨਵੀਂ ਦਿੱਲੀ ਵਿਚ ਰਹਿਣ ਦੌਰਾਨ ਕੋਰੋਨਾ ਲਾਗ ਦੀ ਲਪੇਟ ਵਿਚ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੂਜੇ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਸੀ ਪਰ ਤੀਜੇ ਦੌਰ ਵਿਚ ਟੈਸਟ ਪਾਜ਼ੇਟਿਵ ਆ ਗਿਆ। ਹੁਣ ਉਨ੍ਹਾਂ ਦਾ ਵੀਰਵਾਰ ਨੂੰ ਇਕ ਹੋਰ ਟੈਸਟ ਹੋਵੇਗਾ।
ਸੀ.ਐੱਸ.ਕੇ. ਦੇ ਤਿੰਨ ਹੋਰ ਸਟਾਫ ਦੇ ਇਨਫੈਕਟਿਡ ਪਾਏ ਜਾਣ ਦੀ ਖਬਰ ਦੇ ਤਿੰਨ ਦਿਨ ਬਾਅਦ ਪਹਿਲੀ ਵਾਰ ਹਸੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦਾ ਚੇਨੱਈ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਨਿਊਜ਼ੀਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਟਿਮ ਸੇਫਰਟ ਦਾ ਵੀ ਇਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪਿਛਲੇ ਦਿਨੀਂ ਉਹ ਇਨਫੈਕਟਿਡ ਪਾਏ ਗਏ ਸਨ। ਸੇਫਰਟ ਅਹਿਮਦਾਬਾਦ ਵਿਚ ਕੋਲਕਾਤਾ ਨਾਈਟ ਰਾਈਡਰਸ ਦੇ ਨਾਲ ਸਨ।
ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਬੰਦ ਦਰਵਾਜ਼ਿਆਂ ਦੇ ਪਿੱਛੇ ਆਈ.ਪੀ.ਐੱਲ. 2021 ਦਾ ਆਯੋਜਨ ਹੋ ਰਿਹਾ ਸੀ। ਖਿਡਾਰੀਆਂ ਨੂੰ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਤੋਂ ਬਾਅਦ ਬਚਾਉਣ ਲਈ ਬਾਇਓ ਬਬਲ ਵਿਚ ਰੱਖਿਆ ਜਾ ਰਿਹਾ ਸੀ ਪਰ ਬਬਲ ਵਿਚ ਵਾਇਰਸ ਦੀ ਐਂਟਰੀ ਹੋ ਗਈ ਅਤੇ ਕਈ ਖਿਡਾਰੀਆਂ ਅਤੇ ਸਪੋਰਟਸ ਸਟਾਫ ਦੇ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਬੀ.ਸੀ.ਸੀ.ਆਈ. ਅਤੇ ਆਈ.ਪੀ.ਐੱਲ. ਗਵਰਨਿੰਗ ਕੌਂਸਲ ਨੇ ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ। ਬੀਤੇ ਹਫਤੇ ਮੰਗਲਵਾਰ ਨੂੰ ਟੂਰਨਾਮੈਂਟ ਮੁਲਤਵੀ ਹੋਇਆ। ਉਦੋਂ ਤੱਕ 29 ਮੈਚ ਹੋ ਚੁੱਕੇ ਸਨ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਕੇ.ਕੇ.ਆਰ. ਦੇ ਦੋ ਗੇਂਦਬਾਜ਼ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਇਸ ਪਿੱਛੋਂ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਾਈਕਲ ਹਸੀ, ਕੇ.ਕੇ. ਆਰ. ਦੇ ਬੱਲੇਬਾਜ਼ ਟਿਮ ਸੇਫਰਟ ਅਤੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਵੀ ਕੋਰੋਨਾ ਇਨਫੈਕਟਿਡ ਪਾਏ ਗਏ।