ਧਾਕੜ ਬੱਲੇਬਾਜ਼ ਨੇ ਕੀਤਾ ਖੁਲਾਸਾ, 2011 ਵਿਸ਼ਵ ਕੱਪ ਵਿਚ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ (ਇੰਟ.)- ਕ੍ਰਿਕਟ ਦੇ ਚਾਹੁਣ ਵਾਲਿਆਂ ਦੀ ਦੀਵਾਨਗੀ ਸਾਨੂੰ ਅਕਸਰ ਵੇਖਣ ਨੂੰ ਮਿਲਦੀ ਰਹਿੰਦੀ ਹੈ ਜਦੋਂ ਵੀ ਉਨ੍ਹਾਂ ਦੀ ਆਪਣੀ ਟੀਮ ਜਿੱਤ ਹਾਸਲ ਕਰਦੀ…

ਨਵੀਂ ਦਿੱਲੀ (ਇੰਟ.)- ਕ੍ਰਿਕਟ ਦੇ ਚਾਹੁਣ ਵਾਲਿਆਂ ਦੀ ਦੀਵਾਨਗੀ ਸਾਨੂੰ ਅਕਸਰ ਵੇਖਣ ਨੂੰ ਮਿਲਦੀ ਰਹਿੰਦੀ ਹੈ ਜਦੋਂ ਵੀ ਉਨ੍ਹਾਂ ਦੀ ਆਪਣੀ ਟੀਮ ਜਿੱਤ ਹਾਸਲ ਕਰਦੀ ਹੈ ਜਾਂ ਫਿਰ ਹਾਰ ਦਾ ਸਾਹਮਣਾ ਕਰਦੀ ਹੈ। ਜਿੱਤ ‘ਤੇ ਜਿੱਥੇ ਫੈਂਸ ਦਿਲ ਖੋਲ ਕੇ ਜਸ਼ਨ ਮਨਾਉਂਦੇ ਹਨ ਤਾਂ ਉਥੇ ਹੀ ਹਾਰ ਤੋਂ ਬਾਅਦ ਟੀਮ ਦੇ ਖਿਡਾਰੀਆਂ ‘ਤੇ ਆਪਣਾ ਗੁੱਸਾ ਵੀ ਕੱਢਦੇ ਹਨ। 2011 ਵਨਡੇ ਵਿਸ਼ਵ ਕੱਪ ਵਿਚ ਅਜਿਹਾ ਹੀ ਕੌੜਾ ਤਜ਼ਰਬਾ ਸਾਊਥ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੂੰ ਵੀ ਹੋਇਆ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂਪਲੇਸਿਸ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਖਿਲਾਫ 2011 ਵਿਸ਼ਵ ਕੱਪ ਕੁਆਰਟਰ ਫਾਈਨਲ ਵਿਚ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਏ.ਬੀ. ਡਵਿਲੀਅਰਸ ਰਨ ਆਊਟ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ।
ਡੁਪਲੇਸਿਸ ਨੇ ਕਿਹਾ ਕਿ ਮੈਚ ਤੋਂ ਬਾਅਦ ਮੈਨੂੰ ਅਤੇ ਮੇਰੀ ਪਤਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਇੰਟਰਨੈੱਟ ਮੀਡੀਆ ‘ਤੇ ਸਾਡੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ। ਇਹ ਕਾਫੀ ਨਿੱਜੀ ਹਮਲਾ ਹੋ ਗਿਆ। ਕਾਫੀ ਇਤਰਾਜ਼ਯੋਗ ਚੀਜਾਂ ਕਹੀਆਂ ਗਈਆਂ, ਜਿਨ੍ਹਾਂ ਨੂੰ ਮੈਂ ਦੁਹਰਾ ਨਹੀਂ ਸਕਦਾ।
ਮੀਰਪੁਰ ਦੇ ਸ਼ੇਰ-ਏ-ਬਾਂਗਲਾ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਦੱਖਣੀ ਅਫਰੀਕਾ ਨੂੰ 49 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਨਾਲ ਹੀ ਟੀਮ ਦੇ ਟੂਰਨਾਮੈਂਟ ਦੇ ਸੈਮੀਫਾਈਨਲ ਖੇਡਣ ਦਾ ਸਪਨਾ ਟੁੱਟਿਆ ਸੀ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ। ਭਾਰਤ ਦੇ ਨਾਲ ਬੰਗਲਾਦੇਸ਼ ਟੂਰਨਾਮੈਂਟ ਦਾ ਸਹਿਯੋਗੀ ਮੇਜ਼ਬਾਨ ਸੀ। ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਸ਼੍ਰੀਲੰਕਾ ਨੂੰ ਫਾਈਨਲ ਵਿਚ ਹਰਾ ਕੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

Leave a Reply

Your email address will not be published. Required fields are marked *