International News : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਟਰੰਪ ਨੂੰ ਗੋਲੀ ਮਾਰ ਦਿੱਤੀ ਗਈ। ਜਦੋਂ ਉਹ ਸਟੇਜ ‘ਤੇ ਬੋਲ ਰਹੇ ਸਨ ਤਾਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਟਰੰਪ ਨੇ ਆਪਣੇ ਸੱਜੇ ਕੰਨ ‘ਤੇ ਹੱਥ ਰੱਖਿਆ ਅਤੇ ਹੇਠਾਂ ਝੁਕ ਗਏ। ਸੀਕ੍ਰੇਟ ਸਰਵਿਸ ਏਜੰਟ ਟਰੰਪ ਨੂੰ ਕਵਰ ਕਰਨ ਲਈ ਤੁਰੰਤ ਪਹੁੰਚੇ।
ਜਦੋਂ ਏਜੰਟਾਂ ਨੇ ਟਰੰਪ ਨਾਲ ਨਜਿੱਠਿਆ ਅਤੇ ਉਨ੍ਹਾਂ ਨੂੰ ਖੜ੍ਹੇ ਹੋਣ ਵਿਚ ਮਦਦ ਕੀਤੀ ਤਾਂ ਟਰੰਪ ਦੇ ਚਿਹਰੇ ਅਤੇ ਕੰਨਾਂ ‘ਤੇ ਖੂਨ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਟਰੰਪ ਨੇ ਆਪਣੀ ਮੁੱਠੀ ਨੂੰ ਫੜ ਕੇ ਹਵਾ ‘ਚ ਲਹਿਰਾਇਆ। ਇਸ ਤੋਂ ਬਾਅਦ, ਏਜੰਟਾਂ ਨੇ ਟਰੰਪ ਨੂੰ ਸਟੇਜ ਤੋਂ ਉਤਾਰ ਕੇ ਕਾਰ ਵਿਚ ਬਿਠਾ ਲਿਆ ਅਤੇ ਉਥੋਂ ਲੈ ਗਏ। ਇਹ ਘਟਨਾ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 4 ਵਜੇ ਦੀ ਹੈ। ਉਦੋਂ ਅਮਰੀਕਾ ਵਿੱਚ ਸ਼ਨੀਵਾਰ ਸ਼ਾਮ 6:30 ਵਜੇ ਦਾ ਸਮਾਂ ਸੀ। ਸੀਕਰੇਟ ਸਰਵਿਸ ਨੇ ਕਿਹਾ ਕਿ ਹਮਲਾਵਰ ਮਾਰਿਆ ਗਿਆ ਹੈ। ਇਸ ਹਮਲੇ ‘ਚ ਟਰੰਪ ਦੇ ਇਕ ਸਮਰਥਕ ਦੀ ਜਾਨ ਚਲੀ ਗਈ ਹੈ, ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਆਪਣਾ ਚੋਣ ਦੌਰਾ ਅੱਧ ਵਿਚਾਲੇ ਛੱਡ ਕੇ ਅੱਜ ਵਾਸ਼ਿੰਗਟਨ ਡੀਸੀ ਪਰਤ ਰਹੇ ਹਨ। ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਹੋਮਲੈਂਡ ਸਕਿਓਰਿਟੀ ਅਤੇ ਲਾਅ ਇਨਫੋਰਸਮੈਂਟ ਏਜੰਸੀ ਦੀ ਹੰਗਾਮੀ ਮੀਟਿੰਗ ਬੁਲਾਈ ਹੈ।