ਗੁਰਦਾਸਪੁਰ: ਇਕ ਮਸ਼ਹੂਰ ਕਹਾਵਤ ਹੈ -ਪਿਆਰ ਦੀ ਕੋਈ ਸਰਹੱਦ ਨਹੀਂ ਹੁੰਦੀ। ਲਾਹੌਰ ਦੀ ਰਹਿਣ ਵਾਲੀ ਸ਼ਾਹਨੀਲ ਅਤੇ ਬਟਾਲਾ ਦੇ ਨਮਨ ਲੂਥਰਾ ਦੋਵੇਂ ਹੀ ਇਕ ਦੂਜੇ ਨੂੰ ਪਸੰਦ ਕਰਦੇ ਸਨ ਇੰਨ੍ਹਾਂ ਦਾ ਅਪ੍ਰੈਲ ਵਿੱਚ ਵਿਆਹ ਹੋਣ ਜਾ ਰਿਹਾ ਹੈ। ਸ਼ਾਹਨੀਲ ਪੁੱਤਰੀ ਜਾਵੇਦ ਨੂੰ ਭਾਰਤ ਆਉਣ ਦਾ ਵੀਜਾ ਮਿਲ ਗਿਆ ਹੁਣ ਉਹ ਅਪ੍ਰੈਲ ਮਹੀਨੇ ਵਿੱਚ ਬਟਾਲਾ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਆਵੇਗੀ ਅਤੇ ਬਟਾਲਾ ਦੇ ਵਸਨੀਕ ਨਮਨ ਲੂਥਰਾ ਨਾਲ ਵਿਆਹ ਕਰਵਾਏਗੀ।
ਪਹਿਲਾ ਦੋ ਵਾਰ ਵੀਜ਼ਾ ਹੋਇਆ ਸੀ ਰੱਦ
ਦੱਸ ਦੇਈਏ ਕਿ ਨਮਨ ਲੁਥਰਾ ਪੇਸ਼ੇ ਤੋਂ ਵਕੀਲ ਹੈ ਅਤੇ ਬਟਾਲਾ ‘ਚ ਵਕਾਲਤ ਕਰਦਾ ਹੈ। ਉਹ ਆਪਣੀ ਮੰਗੇਤਰ ਦੇ ਲਈ ਕਈ ਸਾਲਾਂ ਤੋਂ ਭਾਰਤ ਦਾ ਵੀਜ਼ਾ ਲੈਣ ਲਈ ਯਤਨਸ਼ੀਲ ਸੀ। ਦੋ ਵਾਰੀ ਸ਼ਾਹਨੀਲ ਨੇ ਆਪਣੇ ਪਰਿਵਾਰ ਨਾਲ ਭਾਰਤ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਪਿਛਲੇ ਸਾਲ ਹੀ ਉਹ ਆਪਣੀ ਮੰਗੇਤਰ ਨੂੰ ਕਰਤਾਰਪੁਰ ਕਾਰੀਡੋਰ ਜਾ ਕੇ ਮਿਲਿਆ ਵੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਸ਼ਾਹਨੀਲ ਨਾਲ ਮੰਗਣੀ ਹੋ ਗਈ ਹੈ।
ਨਮਨ ਲੁਥਰਾ ਨੇ ਵਿਧਾਇਕ ਦਾ ਕੀਤਾ ਧੰਨਵਾਦ
ਨਮਨ ਲੁਥਰਾ ਨੇ ਦੱਸਿਆ ਕਿ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ। ਇਸ ਤੋਂ ਇਲਾਵਾ ਸਮਾਜ ਸੇਵਕ ਚੌਧਰੀ ਮਕਬੂਲ ਅਹਿਮਦ ਨੇ ਵੀ ਉਨ੍ਹਾਂ ਦੀ ਕਾਫੀ ਮਦਦ ਕੀਤੀ। ਮਕਬੂਲ ਦਾ ਵਿਆਹ 2003 ਵਿੱਚ ਕਾਦੀਆਂ ਵਿੱਚ ਪਾਕਿਸਤਾਨ ਸਥਿਤ ਤਾਹਿਰਾ ਮਕਬੂਲ ਨਾਲ ਵੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਕਬੂਲ ਅਹਿਮਦ ਹਿੰਦੂ, ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਦਰਮਿਆਨ ਸ਼ਾਂਤੀ ਦੇ ਪੁਲ ਵਾਂਗ ਕੰਮ ਕਰ ਰਹੇ ਹਨ।
ਸ਼ਾਹਨੀਲ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ
ਓਧਰ ਸ਼ਾਹਨੀਲ ਨੇ ਵੀ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਪਿਆਰ ਅਤੇ ਸ਼ਾਂਤੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣੀ ਰਹੇ।