ਜਲੰਧਰ- ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਪਾਸਪੋਰਟ ਦਫਤਰ ਦੇ ਉਪਰ ਇੰਸ਼ੋਰੈਂਸ ਕੰਪਨੀ ਦੇ ਦਫਤਰ ਵਿਚ ਅੱਗ ਲੱਗ ਗਈ। ਅੱਗ ਦਾ ਪਤਾ ਉਦੋਂ ਲੱਗਾ, ਜਦੋਂ ਹੇਠੋਂ ਲੋਕਾਂ ਨੇ ਧੂੰਆਂ ਉਠਦਾ ਵੇਖਿਆ। ਇਸ ਤੋਂ ਬਾਅਦ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਬੁਲਾਇਆ ਗਿਆ।
ਇਹ ਦਫਤਰ ਤੀਜੀ ਮੰਜ਼ਿਲ ‘ਤੇ ਹੋਣ ਕਾਰਣ ਬਿਲਡਿੰਗ ਦਾ ਸ਼ੀਸ਼ਾ ਤੋੜ ਕੇ ਪਾਈਪ ਪਹੁੰਚਾਈ ਗਈ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਦੇ ਅਫਸਰਾਂ ਦੇ ਨਾਲ ਪੁਲਸ ਵੀ ਪਹੁੰਚ ਗਈ ਜਿਸ ਤੋਂ ਬਾਅਦ ਇਸ ਦੇ ਕਾਰਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
ਇਸ ਦੇ ਨਾਲ ਹੀ ਇਕ ਹੋਰ ਥਾਂ 66 ਫੁੱਟੀ ਰੋਡ ‘ਤੇ ਸਥਿਤ ਇਕ ਬਿਲਡਿੰਗ ਦੀ ਦੂਜੀ ਮੰਜ਼ਿਲ ‘ਤੇ ਬਣ ਰਹੀ ਦੁਕਾਨ ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ ਗਿਆ।
ਮੌਕੇ ‘ਤੇ ਮੌਜੂਦ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੀ ਬਿਲਡਿੰਗ ਵਿਚ ਅੱਗ ਲੱਗ ਗਈ ਪਰ ਉਹ ਜਦੋਂ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀ ਬਿਲਡਿੰਗ ਨਹੀਂ ਸਗੋਂ ਉਨ੍ਹਾਂ ਦੀ ਨਾਲ ਵਾਲੀ ਪ੍ਰਾਈਵੇਟ ਪ੍ਰਾਪਰਟੀ ਦੀ ਬਿਲਡਿੰਗ ਦੀ ਦੂਜੀ ਮੰਜ਼ਿਲ ‘ਤੇ ਅੱਗ ਲੱਗ ਗਈ ਸੀ। ਪ੍ਰਾਪਰਟੀ ਡੀਲਰ ਨੇ ਦੂਜੀ ਮੰਜ਼ਿਲ ਦਾ ਦਫਤਰ ਕਿਸੇ ਨੂੰ ਦੇ ਦਿੱਤਾ ਸੀ, ਜਿਸ ਵਿਚ ਅੱਗ ਲੱਗ ਗਈ ਹੈ। ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਘਟਨਾਸਬੰਧਿਤ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 66 ਫੁੱਟੀ ਰੋਡ ‘ਤੇ ਸਥਿਤ ਪ੍ਰਾਪਰਟੀ ਡੀਲਰ ਦੀ ਬਿਲਡਿੰਗ ਵਿਚ ਅੱਗ ਲੱਗ ਗਈ ਹੈ ਜਿਸ ਪਿੱਛੋਂ ਤੁਰੰਤ ਗੱਡੀਆਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਕੁਝ ਹੀ ਦੇਰ ਵਿਚ ਅੱਗ ‘ਤੇ ਕਾਬੂ ਪਾਇਆ ਗਿਆ ਜਾਨੀ ਨੁਕਸਾਨ ਤਾਂ ਨਹੀਂ ਪਰ ਸਾਮਾਨ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਬਾਰੇ ਅਜੇ ਦੱਸਿਆ ਨਹੀਂ ਜਾ ਸਕਦਾ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀ ਨੇ ਦੱਸਇਆ ਕਿ ਇਹ ਬਿਲਡਿੰਗ ਪ੍ਰਾਪਰਟੀ ਡੀਲਰ ਦੀ ਹੈ ਅਤੇ ਉਸ ਨੇ ਦੂਜੀ ਮੰਜ਼ਿਲ ਦਾ ਦਫਤਰ ਕਿਰਾਏ ‘ਤੇ ਦਿੱਤਾ ਹੋਇਆ ਹੈ। ਫਿਲਹਾਲ ਅੱਗ ਜ਼ਿਆਦਾ ਹੋਣ ਕਾਰਣ ਅਜੇ ਨੁਕਸਾਨ ਬਾਰੇ ਕੁਝ ਵੀ ਸਪੱਸ਼ਟ ਨਹੀਂ ਦੱਸਿਆ ਜਾ ਸਕਦਾ।