ਨਵੀਂ ਦਿੱਲੀ – ਇੰਗਲੈਂਡ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਕੇਵਿਨ ਪੀਟਰਸਨ ਹਾਲ ਦੇ ਸਮੇਂ ਵਿਚ ਆਪਣੇ ਟਵਿੱਟਰ ‘ਤੇ ਹਿੰਦੀ ਵਿਚ ਟਵੀਟ ਕਰ ਕੇ ਫੈਂਸ ਦਾ ਦਿਲ ਜਿੱਤਣ ਵਿਚ ਪਿੱਛੇ ਨਹੀਂ ਰਹੇ। ਹੁਣ ਜਦੋਂ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਆਈ.ਪੀ.ਐੱਲ. ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਪੀਟਰਸਨ ਨੇ ਹਿੰਦੀ ਵਿਚ ਟਵੀਟ ਕਰ ਕੇ ਆਪਣੀ ਗੱਲ ਭਾਰਤੀਆਂ ਸਾਹਮਣੇ ਰੱਖੀ ਹੈ। ਪੀਟਰਸਨ ਇਸ ਸਮੇਂ ਮਾਲਦੀਪ ਵਿਚ ਹਨ ਅਤੇ ਉਥੋਂ ਇੰਗਲੈਂਡ ਲਈ ਰਵਾਨਾ ਹੋਣਗੇ। ਕੇਵਿਨ ਨੇ ਹਿੰਦੀ ਵਿਚ ਟਵੀਟ ਕਰਦੇ ਹੋਏ ਭਾਰਤ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਪੀਟਰਸਨ ਦਾ ਹਿੰਦੀ ਵਿਚ ਕੀਤਾ ਗਿਆ ਟਵੀਟ ਫੈਂਸ ਨੂੰ ਖੂਬ ਪਸੰਦ ਆ ਰਿਹਾ ਹੈ। ਫੈਂਸ ਵੀ ਕਾਫੀ ਕੁਮੈਂਟ ਕਰ ਰਹੇ ਹਨ।
ਕੇਵਿਨ ਪੀਟਰਸਨ ਨੇ ਟਵੀਟ ਕਰਦੇ ਹੋਏ ਲਿਖਿਆ ਮੈਂ ਭਾਰਤ ਛੱਡ ਦਿੱਤਾ ਹੋ ਸਕਦਾ ਹੈ, ਪਰ ਮੈਂ ਅਜੇ ਵੀ ਅਜਿਹੇ ਦੇਸ਼ ਬਾਰੇ ਸੋਚ ਰਿਹਾ ਹਾਂ ਜਿਸ ਨੇ ਮੈਨੂੰ ਬਹੁਤ ਪਿਆਰ ਦਿੱਤਾ। ਕ੍ਰਿਪਾ ਕਰ ਕੇ ਲੋਕ ਸੁਰੱਖਿਅਤ ਰਹਿਣ, ਇਹ ਸਮਾਂ ਬੀਤ ਜਾਵੇਗਾ ਪਰ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ, ਪੀਟਰਸਨ ਨੇ ਇਸ ਮੈਸੇਜ ਦੇ ਨਾਲ ਪ੍ਰਣਾਮ ਵਾਲੀ ਇਮੋਜੀ ਵੀ ਸ਼ੇਅਰ ਕੀਤੀ ਹੈ। ਫੈਂਸ ਪੀਟਰਸਨ ਦੇ ਟਵੀਟ ‘ਤੇ ਆਪਣਾ ਰਿਐਕਸ਼ਨ ਵੀ ਦੇ ਰਹੇ ਹਨ। ਦੱਸ ਦਈਏ ਕਿ ਆਈ.ਪੀ.ਐੱਲ. ਦੇ ਮੁਲਤਵੀ ਹੋਣ ਅਤੇ ਆਸਟ੍ਰੇਲੀਆਈ ਖਿਡਾਰੀ ਅਜੇ ਤੱਕ ਵਾਪਸ ਆਪਣੇ ਦੇਸ਼ ਨਹੀਂ ਪਹੁੰਚ ਸਕੇ ਹਨ।
ਦਰਅਸਲ ਆਸਟ੍ਰੇਲੀਆਈ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਬੈਨ ਕਰ ਦਿੱਤਾ ਹੈ। ਆਸਟ੍ਰੇਲੀਆਈ ਸਰਕਾਰ ਨੇ 15 ਮਈ ਤੱਕ ਇਹ ਬੈਨ ਲਗਾਇਆ ਹੋਇਆ ਹੈ। ਇਹੀ ਕਾਰਣ ਹੈ ਕਿ ਆਸਟ੍ਰੇਲੀਆਈ ਖਿਡਾਰੀ ਮਾਲਦੀਪ ਚਲੇ ਗਏ ਹਨ। ਮਾਲਦੀਪ ਵਿਚ ਕੁਝ ਦਿਨ ਰਹਿਣ ਤੋਂ ਬਾਅਦ ਸਾਰੇ ਕੰਗਾਰੂ ਖਿਡਾਰੀ ਵਾਪਸ ਆਪਣੇ ਦੇਸ਼ ਪਰਤ ਜਾਣਗੇ। ਜ਼ਿਕਰਯੋਗ ਹੈ ਕਿ ਅਜੇ ਵੀ ਆਈ.ਪੀ.ਐੱਲ. ਵਿਚ ਕੁਲ 31 ਮੈਚ ਬਚੇ ਹੋਏ ਹਨ। ਬੀ.ਸੀ.ਸੀ.ਆਈ. ਦੇ ਬੌਸ ਸੌਰਵ ਗਾਂਗੁਲੀ ਨੇ ਸਪੱਸ਼ਟ ਰੂਪ ਨਾਲ ਕਹਿ ਦਿੱਤਾ ਹੈ ਕਿ ਬਚੇ ਹੋਏ ਮੈਚਾਂ ਦਾ ਆਯੋਜਨ ਭਾਰਤ ਵਿਚ ਸੰਭਵ ਨਹੀਂ ਹੈ। ਬੀ.ਸੀ.ਸੀ.ਆਈ. ਇਸ ਦੇ ਲਈ ਦੂਜਾ ਬਦਲ ਭਾਲ ਰਹੀ ਹੈ।