ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਕ੍ਰਿਕਟ ਦੇ ਹਰ ਫਾਰਮੈੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਐੱਮ.ਐੱਸ.ਧੋਨੀ ਨੇ ਜੋ ਵਿਰਾਸਤ ਵਿਰਾਟ ਕੋਹਲੀ ਨੂੰ ਸੌਂਪੀ ਸੀ ਉਹ ਉਸ ਨੂੰ ਬਾਖੂਬੀ ਅੱਗੇ ਲਿਜਾ ਰਹੇ ਹਨ। ਹਾਲਾਂਕਿ ਵਿਰਾਟ ਟੀਮ ਇੰਡੀਆ ਨੂੰ ਹੁਣ ਤੱਕ ਦਾ ਆਈ.ਸੀ.ਸੀ. ਖਿਤਾਬ ਨਹੀਂ ਦਿਵਾ ਸਕੇ। ਭਾਰਤ ਨੇ ਆਪਣਾ ਆਖਰੀ ਆਈ.ਸੀ.ਸੀ. ਖਿਤਾਬ ਸਾਲ 2013 ਵਿਚ ਜਿੱਤਿਆ ਸੀ। ਉਸ ਸਾਲ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ ਚੈਂਪੀਅਨਸ ਟ੍ਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ ਸੀ ਪਰ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਕੋਈ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤਿਆ। ਇਹੀ ਨਹੀਂ ਭਾਰਤੀ ਟੀਮ 2013 ਤੋਂ ਬਾਅਦ ਆਈ.ਸੀ.ਸੀ. ਇਵੈਂਟ ਦੇ ਅਹਿਮ ਮੁਕਾਬਲੇ ਵਿਚ ਹਾਰ ਜਾਂਦੀ ਹੈ।
ਹੁਣ ਭਾਰਤੀ ਕ੍ਰਿਕਟ ਟੀਮ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ, ਇਸ ਨੂੰ ਲੈ ਕੇ ਸਾਬਕਾ ਭਾਰਤੀ ਖਿਡਾਰੀ ਦੀਪ ਦਾਸਗੁਪਤਾ ਨੇ ਪ੍ਰਤੀਕਿਰਿਆ ਦਿੱਤੀ। ਸਪੋਰਟਸ ਟੁਡੇ ‘ਤੇ ਕ੍ਰਿਕਟ ਫੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਲ 2013 ਤੋਂ ਬਾਅਦ ਟੀਮ ਇੰਡੀਆ ਨੇ ਕੋਈ ਵੀ ਆਈ.ਸੀ.ਸੀ. ਖਿਤਾਬ ਨਹੀਂ ਜਿੱਤਿਆ ਹੈ ਅਤੇ ਇਸ ਦੇ ਪਿੱਛੇ ਕੋਈ ਖਾਸ ਕਾਰਣ ਵੀ ਨਹੀਂ ਹੈ। ਸ਼ਾਇਦ ਅਜਿਹਾ ਇਸ ਕਾਰਣ ਹੋ ਰਿਹਾ ਹੈ ਕਿਉਂਕਿ ਇਹ ਟੀਮ ਲੋੜ ਤੋਂ ਜ਼ਿਆਦਾ ਸੋਚਣ ਲੱਗਦੀ ਹੈ ਅਤੇ ਬਹੁਤ ਜ਼ਿਆਦਾ ਦਬਾਅ ਲੈ ਲੈਂਦੀ ਹੈ। ਇਸ ਦਬਾਅ ਕਾਰਣ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਕਾਫੀ ਅਸਰ ਪੈਂਦਾ ਹੈ। ਟੀਮ ਇੰਡੀਆ ਨੇ ਸਾਲ 2017 ਵਿਚ ਆਈ.ਸੀ.ਸੀ. ਚੈਂਪੀਅਨਸ ਟ੍ਰਾਫੀ ਦੇ ਫਾਈਨਲ ਵਿਚ ਥਾਂ ਬਣਾਈ ਸੀ ਪਰ ਪਾਕਿਸਤਾਨ ਦੇ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2019 ਵਿਸ਼ਵ ਕੱਪ ਸੈਮੀਫਾਈਨਲ ਵਿਚ ਵੀ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਮਿਲੀ ਸੀ।
ਦੀਪ ਦਾਸਗੁਪਤਾ ਨੇ ਕਿਹਾ ਕਿ ਜੇਕਰ ਹਰ 2019 ਵਨਡੇਅ ਵਿਸ਼ਵ ਕੱਪ ਸੈਮੀਫਾਈਨਲ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੂੰ ਜਿੱਤਣਾ ਚਾਹੀਦਾ ਸੀ। ਉਥੇ ਹੀ ਚੈਂਪੀਅਨਸ ਟ੍ਰਾਫੀ ਦੇ ਫਾਈਨਲ ਦੀ ਨੋ ਬਾਲ ਨੂੰ ਦੇਖੀਏ, ਉਸ ਦੀ ਤਾਂ ਗੱਲ ਨਹੀਂ ਕਰਦੇ। ਸਾਨੂੰ ਇਨ੍ਹਾਂ ਹਾਰੇ ਹੋਏ ਮੈਚਾਂ ‘ਤੇ ਧਿਆਨ ਦੇਣਾ ਹੋਵੇਗਾ, ਵੈਸੇ ਟੀਮ ਇੰਡੀਆ ਨੂੰ ਚੋਕਰਸ ਤਾਂ ਨਹੀਂ ਕਹਾਂਗਾ। ਤੁਹਾਨੂੰ ਦੱਸ ਦਈਏ ਕਿ ਹੁਣ ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ਵਿਚ ਅਕਤੂਬਰ-ਨਵੰਬਰ ਵਿਚ ਕੀਤਾ ਜਾਵੇਗਾ ਜਿੱਥੇ ਟੀਮ ਇੰਡੀਆ ਲਈ ਇਕ ਵਾਰ ਫਿਰ ਤੋਂ ਵੱਡਾ ਮੌਕਾ ਹੋਵੇਗਾ।