ਲੰਡਨ (ਇੰਟ.)- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵਿਚੋਂ ਕੌਣ ਸਭ ਤੋਂ ਵਧੀਆ ਬੱਲੇਬਾਜ਼ ਹੈ, ਇਸ ਗੱਲ ਨੂੰ ਲੈ ਕੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਅਤੇ ਪਾਕਿਸਤਾਨ ਦੇ ਸਲਮਾਨ ਬਟ ਵਿਚਾਲੇ ਐਤਵਾਰ ਨੂੰ ਜ਼ੁਬਾਨੀ ਜੰਗ ਛਿੜ ਗਈ। ਇਸ ਦੀ ਸ਼ੁਰੂਆਤ ਵਾਨ ਦੇ ਉਸ ਬਿਆਨ ਤੋਂ ਹੋਈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਵਿਲੀਅਮਸਨ ਭਾਰਤੀ ਹੁੰਦੇ ਤਾਂ ਉਨ੍ਹਾਂ ਨੂੰ ਵਿਸ਼ਵ ਦਾ ਸਭ ਤੋਂ ਵਧੀਆ ਖਿਡਾਰੀ ਦੱਸਿਆ ਜਾਂਦਾ ਹੈ। ਸਲਮਾਨ ਨੇ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ, ਜਿਸ ਨਾਲ ਸਾਬਕਾ ਇੰਗਲਿਸ਼ ਕਪਤਾਨ ਚਿੜ੍ਹ ਗਿਆ ਅਤੇ 2010 ਫਿਕਸਿੰਗ ਦੀ ਯਾਦ ਦਿਵਾ ਦਿੱਤੀ।
ਇਸ ‘ਤੇ ਫਿਕਸਿੰਗ ਦੇ ਚੱਲਦੇ ਪੰਜ ਸਾਲ ਦੀ ਪਾਬੰਦੀ ਝੱਲਣ ਵਾਲੇ ਪਾਕਿਸਤਾਨ ਦੇ ਸਲਮਾਨ ਬਟ ਨੇ ਕਿਹਾ ਕਿ ਕੋਹਲੀ ਅਜਿਹੇ ਦੇਸ਼ ਤੋਂ ਹਨ, ਜਿੱਥੇ ਕਿ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਇਸ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਜ਼ਿਆਦਾ ਹੈ। ਮੌਜੂਦਾ ਸਮੇਂ ਵਿਚ ਦੁਨੀਆ ਦੇ ਕਿਸੇ ਵੀ ਹੋਰ ਬੱਲੇਬਾਜ਼ ਦੇ ਨਾਂ ‘ਤੇ 70 ਕੌਮਾਂਤਰੀ ਸ਼ਤਕ ਦਰਜ ਨਹੀਂ ਹਨ। ਇਸ ਲਈ ਮੁਕਾਬਲੇ ਦਾ ਕੀ ਮਤਲਬ ਬਣਦਾ ਹੈ ਅਤੇ ਇਨ੍ਹਾਂ ਦੋਹਾਂ ਵਿਚਾਲੇ ਤੁਲਨਾ ਕੌਣ ਕਰ ਰਿਹਾ ਹੈ? ਮਾਈਕਲ ਵੌਨ। ਉਹ ਇੰਗਲੈਂਡ ਲਈ ਚੰਗੇ ਕਪਤਾਨ ਰਹੇ ਹੋਣਗੇ ਪਰ ਉਹ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰਦੇ ਸਨ ਉਹ ਅੰਕੜਿਆਂ ਵਿਚ ਨਹੀਂ ਦਿਖਦਾ ਹੈ।
ਵਾਨ ਇਸ ਤੋਂ ਚਿੜ੍ਹ ਗਏ ਅਤੇ ਉਨ੍ਹਾਂ ਨੇ ਟਵੀਟ ਕੀਤਾ, ਮੈਂ ਦੇਖਿਆ ਹੈ ਕਿ ਸਲਮਾਨ ਨੇ ਮੇਰੇ ਬਾਰੇ ਕੀ ਕਿਹਾ ਹੈ, ਪਰ ਮੈਂ ਚਾਹੁੰਦਾ ਸੀ ਕਿ 2010 ਵਿਚ ਜਦੋਂ ਉਹ ਮੈਚ ਫਿਕਸ ਕਰ ਰਹੇ ਸਨ ਤਾਂ ਵੀ ਉਨ੍ਹਾਂ ਦੇ ਦਿਮਾਗ ਵਿਚ ਇਸ ਤਰ੍ਹਾਂ ਦੇ ਸਪੱਸ਼ਟ ਵਿਚਾਰ ਹੋਣੇ ਚਾਹੀਦੇ ਸਨ। ਦੱਸ ਦਈਏ ਕਿ ਵਾਨ ਨੇ ਕੋਹਲੀ ਅਤੇ ਵਿਲੀਅਮਸਨ ਨੂੰ ਲੈ ਕੇ ਅਜਿਹੇ ਸਮੇਂ ਵਿਚ ਬਿਆਨ ਦਿੱਤਾ ਹੈ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਹੋਣਾ ਹੈ।
ਇਹ ਮੈਚ ਸਾਊਥੈਂਪਟਨ ਵਿਚ 18 ਤੋਂ 22 ਜੂਨ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੀ.ਵੀ. ਟੀਮ ਇੰਗਲੈਂਡ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਉਥੇ ਹੀ ਭਾਰਤੀ ਟੀਮ ਨੂੰ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਬਾਅਦ ਇੰਗਲੈਂਡ ਨਾਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਹ ਸੀਰੀਜ਼ ਅਗਸਤ-ਸਤੰਬਰ ਵਿਚ ਖੇਡੀ ਜਾਵੇਗੀ। ਦੋ ਜੂਨ ਨੂੰ ਟੀਮ ਇੰਗਲੈਂਡ ਪਹੁੰਚੇਗੀ।