International News : ਕੈਨੇਡਾ ਵਿਚ ਭਾਰੀ ਬਾਰਿਸ਼ ਕਾਰਨ ਹਾਲਾਤ ਬੇਹੱਦ ਵਿਗੜ ਗਏ ਹਨ। ਬਰੈਂਪਟਨ ਵਿਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਮੀਂਹ ਨਾਲ ਸੜਕਾਂ ‘ਤੇ ਪਾਣੀ ਭਰ ਗਿਆ। ਲੋਕਾਂ ਦੇ ਵਾਹਨ ਫਸ ਗਏ। ਬਿਜਲੀ ਬੰਦ ਹੋਣ ਕਾਰਨ ਇਕ ਲੱਖ ਤੋਂ ਵੱਧ ਘਰ ਹਨੇਰੇ ਦੀ ਮਾਰ ਝਲ ਰਹੇ ਹਨ।
ਟੋਰਾਂਟੋ ਦੇ ਕੁਝ ਹਿੱਸਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸ਼ਹਿਰ ਦੇ ਮੁੱਖ ਹਾਈਵੇ ‘ਤੇ ਡਰਾਈਵਰ ਫਸ ਗਏ। ਐਨਵਾਇਰਮੈਂਟ ਕੈਨੇਡਾ ਨੇ ਦੱਸਿਆ ਕਿ ਮੰਗਲਵਾਰ ਨੂੰ ਟੋਰਾਂਟੋ ਵਿੱਚ ਤਕਰੀਬਨ 100 ਮਿਲੀਮੀਟਰ (4 ਇੰਚ) ਮੀਂਹ ਪਿਆ।
ਫੋਟੋਆਂ ਤੇ ਵੀਡੀਓ ਵਿੱਚ ਪੂਰੇ ਸ਼ਹਿਰ ਵਿਚ ਲਗਪਗ ਡੁੱਬੀਆਂ ਕਾਰਾਂ ਅਤੇ ਯੂਨੀਅਨ ਸਟੇਸ਼ਨ ਦੀਆਂ ਪੌੜੀਆਂ ਤੋਂ ਹੇਠਾਂ ਵਹਿ ਰਹੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਟੋਰਾਂਟੋ ਨੂੰ ਜੁਲਾਈ 2013 ਵਿਚ ਇਕ ਵਿਨਾਸ਼ਕਾਰੀ ਤੂਫਾਨ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਘੱਟੋ-ਘੱਟ 3,00,000 ਲੋਕ ਬਿਜਲੀ ਤੋਂ ਬਿਨਾ ਰਹੇ ਅਤੇ 1,000 ਤੋਂ ਵੱਧ ਯਾਤਰੀਆਂ ਨੂੰ ਡੁੱਬੀ ਹੋਈ ਰੇਲਗੱਡੀ ਵਿੱਚੋਂ ਬਚਾਇਆ ਗਿਆ ਸੀ।
ਉਧਰ, ਟੋਰਾਂਟੋ ਵਿਚ ਤਿੰਨ ਵੱਡੇ ਤੂਫਾਨਾਂ ਤੋਂ ਬਾਅਦ ਰਿਕਾਰਡ ਬਾਰਿਸ਼ ਕਾਰਨ ਹੜ੍ਹ ਜਿਹੇ ਹਾਲਾਤ ਹਨ। ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ। ਪੌਪ ਸਟਾਰ ਡਰੇਕ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਸਦੇ ਟੋਰਾਂਟੋ ਦੇ ਘਰ, “ਦ ਅੰਬੈਸੀ” ਦਾ ਇੱਕ ਹਿੱਸਾ ਡੁੱਬਿਆ ਹੋਇਆ ਦਿਖਾਈ ਦਿੰਦਾ ਹੈ। ਟੋਰਾਂਟੋ ਹਾਈਡਰੋ ਦੇ ਅਨੁਸਾਰ, ਤੂਫਾਨ ਕਾਰਨ 167,000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਹੋ ਚੁੱਕੀ ਹੈ।