ਸਮਲਿੰਗੀ ਸਬੰਧ ਹੁਣ ਇੱਕ ਅਪਰਾਧ ਹੋਵੇਗਾ। ਇਸ ਲਈ 15 ਸਾਲ ਤੱਕ ਕੈਦ ਦੀ ਸਜ਼ਾ ਮਿਲੇਗੀ। ਸੰਸਦ ਨੇ ਸ਼ਨੀਵਾਰ (27 ਅਪ੍ਰੈਲ 2024) ਨੂੰ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਵਿੱਚ 15 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਇਹ ਬਿੱਲ ਇਰਾਕ ਦੀ ਸੰਸਦ ਵਿਚ ਪਾਸ ਕੀਤਾ ਗਿਆ ਹੈ।
ਉਧਰ, ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਉਤੇ ਹਮਲਾ ਕਰਾਰ ਦਿੱਤਾ ਹੈ। 1988 ਦੇ ਵੇਸਵਾ-ਵਿਰੋਧੀ ਕਾਨੂੰਨ ਵਿੱਚ ਸੋਧ ਦੇ ਤਹਿਤ ਟਰਾਂਸਜੈਂਡਰ ਲੋਕਾਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਵੇਗੀ। ਪਿਛਲੇ ਖਰੜੇ ਵਿੱਚ ਸਮਲਿੰਗੀ ਸਬੰਧਾਂ ਲਈ ਮੌਤ ਦੀ ਸਜ਼ਾ ਦੀ ਤਜਵੀਜ਼ ਰੱਖੀ ਗਈ ਸੀ ਪਰ ਇਸ ਨੂੰ ਖ਼ਤਰਨਾਕ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ ਗਿਆ ਸੀ।
ਪ੍ਰਚਾਰਕਾਂ ਨੂੰ 7 ਸਾਲ ਤੇ ਡਾਕਟਰਾਂ ਨੂੰ ਹੋਵੇਗੀ ਤਿੰਨ ਸਾਲ ਦੀ ਸਜ਼ਾ
ਨਵੇਂ ਕਾਨੂੰਨ ਵਿੱਚ ਸਮਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਲਈ ਘੱਟੋ-ਘੱਟ ਸੱਤ ਸਾਲ ਅਤੇ ਜਾਣਬੁੱਝ ਕੇ ਔਰਤਾਂ ਵਰਗਾ ਵਿਵਹਾਰ ਕਰਨ ਵਾਲੇ ਮਰਦਾਂ ਲਈ ਇੱਕ ਤੋਂ ਤਿੰਨ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।
ਇਸ ਤੋਂ ਇਲਾਵਾ ਸੋਧਿਆ ਕਾਨੂੰਨ ਵਿਅਕਤੀਗਤ ਇੱਛਾ ਅਤੇ ਝੁਕਾਅ ਦੇ ਆਧਾਰ ‘ਤੇ biological ਲਿੰਗ ਤਬਦੀਲੀ ਨੂੰ ਅਪਰਾਧ ਬਣਾਉਂਦਾ ਹੈ ਅਤੇ ਇਸ ਦੀ ਸਰਜਰੀ ਕਰਨ ਵਾਲੇ ਡਾਕਟਰਾਂ ਨੂੰ ਤਿੰਨ ਸਾਲ ਤੱਕ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਇਰਾਕ ਦੇ ਸਮਾਜ ਵਿੱਚ ਸਮਲਿੰਗਤਾ ਵਰਜਿਤ ਹੈ, ਹਾਲਾਂਕਿ ਪਹਿਲਾਂ ਅਜਿਹਾ ਕੋਈ ਕਾਨੂੰਨ ਨਹੀਂ ਸੀ ਜੋ ਸਪੱਸ਼ਟ ਤੌਰ ‘ਤੇ ਸਮਲਿੰਗੀ ਸਬੰਧਾਂ ਲਈ ਸਜ਼ਾ ਤੈਅ ਕਰਦਾ ਹੋਵੇ।
ਪਤਨੀ ਦੀ ਅਦਲਾ-ਬਦਲੀ ਲਈ ਜੇਲ੍ਹ
ਇਰਾਕ ਦੇ LGBTQ ਭਾਈਚਾਰੇ ਦੇ ਮੈਂਬਰਾਂ ‘ਤੇ ਇਰਾਕ ਦੇ ਦੰਡ ਕੋਡ ਵਿੱਚ ਅਸ਼ਲੀਲਤਾ ਜਾਂ ਅਸਪਸ਼ਟ ਨੈਤਿਕਤਾ ਅਤੇ ਵੇਸਵਾ-ਵਿਰੋਧੀ ਧਾਰਾਵਾਂ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਹੈ। ਇਹ ਕਾਨੂੰਨੀ ਸੋਧ ਉਨ੍ਹਾਂ ਸੰਸਥਾਵਾਂ ‘ਤੇ ਵੀ ਪਾਬੰਦੀ ਲਗਾਉਂਦੀ ਹੈ ਜੋ ਸਮਲਿੰਗਤਾ ਅਤੇ ਪਤਨੀ ਦੀ ਅਦਲਾ-ਬਦਲੀ ਨੂੰ ਉਤਸ਼ਾਹਿਤ ਕਰਦੇ ਹਨ। ਇਸ ਲਈ 10 ਤੋਂ 15 ਸਾਲ ਦੀ ਕੈਦ ਦੀ ਵਿਵਸਥਾ ਵੀ ਕੀਤੀ ਗਈ ਹੈ।