ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਥਾਈਂ ਰੈਲੀਆਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਦੀਆਂ ਕਈ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਇਕ ਹਾਦਸਾ ਵੀ ਵਾਪਰਿਆ। ਰੋਡ ਸ਼ੋਅ ਦੌਰਾਨ ਗੋਰਖਪੁਰ ਇਲਾਕੇ ‘ਚ ਭਾਣਾ ਵਰਤ ਗਿਆ ਤੇ ਕਈ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਦੋ ਸਟੇਜਾਂ ਟੁੱਟ ਗਈਆਂ। ਇਸ ਕਾਰਨ ਸਟੇਜ ‘ਤੇ ਮੌਜੂਦ ਲੋਕ ਹੇਠਾਂ ਡਿੱਗ ਗਏ। ਇਸ ਹਾਦਸੇ ‘ਚ ਕੁੱਝ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਟੇਜ ‘ਤੇ ਸਮਰੱਥਾ ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿਸ ਕਾਰਨ ਸਟੇਜ ਡਿੱਗ ਗਈ।
ਸ਼ਹਿਰ ਦੇ ਪੁਲਿਸ ਸੁਪਰਡੈਂਟ ਐਚਆਰ ਪਾਂਡੇ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਰਾਮਪੁਰ-ਗੋਰਖਪੁਰ ਰੋਡ ‘ਤੇ ਸੜਕ ਦੇ ਕਿਨਾਰੇ ਇਕ ਸਵਾਗਤੀ ਮੰਚ ਬਣਾਇਆ ਗਿਆ ਸੀ। ਜਿਵੇਂ ਹੀ ਪ੍ਰਧਾਨ ਮੰਤਰੀ ਦੀ ਗੱਡੀ ਸਟੇਜ ਦੇ ਸਾਹਮਣੇ ਤੋਂ ਲੰਘੀ ਤਾਂ ਲੋਕ ਉਨ੍ਹਾਂ ਨੂੰ ਦੇਖਣ ਲਈ ਸਟੇਜ ‘ਤੇ ਚੜ੍ਹ ਗਏ, ਜਿਸ ਕਾਰਨ ਸਟੇਜ ਡਿੱਗ ਗਈ”।
ਉਨ੍ਹਾਂ ਦਸਿਆ, “ਜਿਵੇਂ ਹੀ ਪ੍ਰਧਾਨ ਮੰਤਰੀ ਦਾ ਕਾਫਲਾ ਅੱਗੇ ਵਧਿਆ, ਸਟੇਜ ਢਹਿ ਗਈ। ਇਸ ਘਟਨਾ ਵਿਚ ਸੱਤ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ‘ਚ ਇਕ ਲੜਕੀ ਅਤੇ ਇਕ ਪੁਲਿਸ ਕਰਮਚਾਰੀ ਸਮੇਤ ਚਾਰ ਲੋਕਾਂ ਦੇ ਹੱਥਾਂ ਅਤੇ ਲੱਤਾਂ ‘ਚ ਫਰੈਕਚਰ ਹੋ ਗਿਆ ਹੈ। ਤਿੰਨ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਕਾਰਨ ਰੋਡ ਸ਼ੋਅ ਦੌਰਾਨ ਕੁੱਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਸਥਿਤੀ ਨੂੰ ਕਾਬੂ ਹੇਠ ਕਰ ਲਿਆ।”