ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘410’ ਅੱਜ ਰਿਲੀਜ਼ ਹੋ ਗਿਆ ਹੈ। ਉਨ੍ਹਾਂ ਦੇ ਜਿਗਰੀ ਯਾਰ ਰੈਪਰ ਸੰਨੀ ਮਾਲਟਨ ਵੱਲੋਂ ਇਹ ਗਾਣਾ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਨੀ ਨੇ ਹੀ ਇਸ ਦਾ ਪੋਸਟਰ ਤੇ ਟੀਜ਼ਰ ਲਾਂਚ ਕੀਤਾ ਸੀ। ਸੰਨੀ ਮਾਲਟਨ ਅਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਸੰਨੀ ਮਾਲਟਨ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ 410 ਦਾ ਨਾਂ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਇਹ ਗੀਤ ਵੀ ਚੌਥੇ ਮਹੀਨੇ ਦੀ 10 ਤਾਰੀਖ਼ ਨੂੰ ਰਿਲੀਜ਼ ਹੋਇਆ। ਉਧਰ, ਸਿੱਧੂ ਦੇ ਗਾਣੇ ਸੁਣਨ ਲਈ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਕ੍ਰੇਜ਼ੀ ਹਨ। ਸਵੇਰ ਤੋਂ ਹੀ ਉਡੀਕ ਲਾਈ ਬੈਠੇ ਪ੍ਰਸ਼ੰਸਕਾਂ ਵੱਲੋਂ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਗੀਤ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹ। ਇਸ ਦਾ ਪ੍ਰਮਾਣ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜ ਮਿੰਟਾਂ ਵਿਚ ਹੀ ਇਸ ਗੀਤ ਦੇ ਲਾਈਕ ਤੇ ਵਿਊ ਇਕ ਲੱਖ ਤੋਂ ਉਪਰ ਨਿਕਲ ਗਏ।
ਸੰਨੀ ਮਾਲਟਨ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿਚ ਕੰਮ ਕਰ ਚੁੱਕੇ ਹਨ। ਇਸ ਵਿਚ ‘ਲੈਵਲਸ’, ‘ਨੈਵਰ ਫੋਲਡ’, ‘ਜਸਟ ਲਿਸਨ’ ਜਿਹੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗਾਣਿਆਂ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਮਗਰੋਂ ਅੱਜ ਇਹ ਉਸ ਦਾ ਛੇਵਾਂ ਗੀਤ ਰਿਲੀਜ਼ ਹੋਇਆ ਹੈ। ਸਿੱਧੂ ਦੀ ਮੌਤ ਮਗਰੋਂ ਹੁਣ ਤੱਕ ਉਸ ਦੇ ਕੁੱਲ ਛੇ ਗੀਤ ਰਿਲੀਜ਼ ਹੋ ਚੁੱਕੇ ਹਨ।