ਨਵੀਂ ਦਿੱਲੀ (ਇੰਟ.)- ਲਾਰਡਸ ਦੇ ਇਤਿਹਾਸਕ ਮੈਦਾਨ ‘ਤੇ ਮੇਜ਼ਬਾਨ ਇੰਗਲੈਂਡ ਅਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਗਿਆ। ਇਸ ਮੈਚ ਵਿਚ ਭਾਰਤੀ ਟੀਮ ਨੇ ਦੂਜੀ ਪਾਰੀ ਵਿਚ ਸ਼ਮੀ ਅਤੇ ਰਹਾਣੇ ਦੀ ਅਰਧ ਸੈਕੜੇ ਦੀ ਪਾਰੀ ਦੇ ਦਮ ‘ਤੇ 8 ਵਿਕਟਾਂ ‘ਤੇ 298 ਦੌੜਾਂ ਬਣਾਈਆਂ ਅਤੇ 271 ਦੌੜਾਂ ਦੀ ਬੜਤ ਹਾਸਲ ਕਰਦੇ ਹੋਏ ਪਾਰੀ ਦਾ ਐਲਾਨ ਕਰ ਦਿੱਤਾ। ਹੁਣ ਭਾਰਤ ਨੇ ਇੰਗਲੈੰਡ ਨੂੰ ਜਿੱਤ ਲਈ 272 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਦੀ ਪੂਰੀ ਟੀਮ ਦੂਜੀ ਪਾਰੀ ਵਿਚ 120 ਦੌੜਾਂ ‘ਤੇ ਹੀ ਢੇਰ ਹੋ ਗਈ। ਭਾਰਤ ਨੇ 151 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ।
Read more- ਅਮਰੀਕੀਆਂ ਨੂੰ ਨੁਕਸਾਨ ਪਹੁੰਚਾਇਆ ਤਾਂ ਨਤੀਜੇ ਭਿਆਨਕ ਹੋਣਗੇ – ਜੋ ਬਾਈਡਨ ਨੇ ਤਾਲਿਬਾਨ ਨੂੰ ਦਿੱਤੀ ਧਮਕੀ
ਦੂਜੇ ਟੈਸਟ ਮੈਚ ਵਿਚ ਭਾਰਤ ਨੇ ਪਹਿਲੀ ਪਾਰੀ ਵਿਚ 364 ਦੌੜਾਂ ਕੇ.ਐੱਲ. ਰਾਹੁਲ ਦੀ ਸੈਕੜੇ ਦੀ ਪਾਰੀ ਨਾਲ ਬਣਾਇਆ ਸੀ ਜਦੋਂ ਕਿ ਇੰਗਲੈਂਡ ਨੇ ਆਪਣੇ ਕਪਤਾਨ ਜੋ ਰੂਟ ਦੀ ਜੇਤੂ 180 ਦੌੜਾਂ ਦੀ ਪਾਰੀ ਦੇ ਦਮ ‘ਤੇ 391 ਦੌੜਾਂ ਬਣਾਉਂਦੇ ਹੋਏ 27 ਦੌੜਾਂ ਦੀ ਲੀਡ ਲੈ ਲਈ ਸੀ। ਭਾਰਤ ਨੇ ਇਸ ਤੋਂ ਬਾਅਦ ਰਹਾਣੇ ਦੀਆਂ 61 ਦੌੜਾਂ ਅਤੇ ਸ਼ਮੀ ਦੀਆਂ 56 ਦੌੜਾਂ ਦੀ ਪਾਰੀ ਦੇ ਦਮ ‘ਤੇ ਇੰਗਲੈਂਡ ‘ਤੇ 271 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਸ਼ਮੀ ਨੇ 70 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਟੈਸਟ ਵਿਚ ਇੰਗਲੈੰਡ ਵਿਰੁੱਧ ਦੂਜੀ ਵਾਰ ਅਰਧ ਸੈਕੜਾ ਬਣਾਇਆ।
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਪੂਰੀ ਟੀਮ ‘ਤੇ ਮਾਣ ਹੈ। ਪਿੱਚ ਤੋਂ ਪਹਿਲੇ ਤਿੰਨ ਦਿਨ ਗੇਂਦਬਾਜ਼ਾਂ ਨੂੰ ਮਦਦ ਨਹੀਂ ਮਿਲੀ ਪਰ ਅਸੀਂ ਆਪਣੀ ਵਧੀਆ ਰਣਨੀਤੀ ਲਾਗੂ ਕੀਤੀ। ਦੂਜੀ ਪਾਰੀ ਵਿਚ ਜਸਪ੍ਰੀਤ ਨੇ ਜਿਸ ਤਰ੍ਹਾਂ ਨਾਲ ਦਬਾਅ ਦੇ ਹਾਲਾਤਾਂ ਵਿਚ ਬੱਲੇਬਾਜ਼ੀ ਕੀਤੀ ਉਹ ਬੇਮਿਸਾਲ ਸੀ। ਇੱਥੋਂ ਹੀ ਮਾਹੌਲ ਬਣਿਆ, ਜਿਸ ਦੌਰਾਨ ਸਾਨੂੰ ਅੱਗੇ ਮਦਦ ਮਿਲੀ। ਉਨ੍ਹਾਂ ਕਿਹਾ ਕਿ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਅਜਿਹੀ ਸਾਂਝੇਦਾਰੀ ਕਰਨ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ ਅਤੇ ਜਦੋ ਵੀ ਅਸੀਂ ਸਫਲ ਹੋਏ ਹਾਂ ਉਦੋ ਸਾਡੇ ਹੇਠਲੇ ਕ੍ਰਮ ਨੇ ਆਪਣਾ ਯੋਗਦਾਨ ਦਿੱਤਾ।ਕੋਹਲੀ ਨੇ ਕਿਹਾ ਕਿ ਟੀਮ ਸਮਝਦੀ ਸੀ ਕਿ 60 ਓਵਰ ਵਿਚ 272 ਦੌੜਾਂ ਬਣਾਉਣਾ ਮੁਸ਼ਕਿਲ ਹੋਵੇਗਾ ਪਰ 10 ਵਿਕਟਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਕੋਹਲੀ ਨੇ ਕਿਹਾ ਅਸੀਂ ਜਾਣਦੇ ਸੀ ਕਿ ਅਸੀਂ 10 ਵਿਕਟਾਂ ਹਾਸਲ ਕਰਦੇ ਹਾਂ। ਭਾਰਤ ਦੀ ਇਹ ਲਾਰਡਸ ਵਿਚ ਤੀਜੀ ਜਿੱਤ ਹੈ।ਇਸ ਤੋਂ ਪਹਿਲਾਂ ਉਸ ਨੇ 2014 ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਇੱਥੇ ਜਿੱਤ ਹਾਸਲ ਕੀਤੀ ਸੀ। ਕੋਹਲੀ ਵੀ ਉਸ ਟੀਮ ਦਾ ਹਿੱਸਾ ਸੀ।