ਮੈਲਬੋਰਨ (ਇੰਟ.)-ਆਈ.ਪੀ.ਐੱਲ.2021 ਵਿਚ ਹਿਸਾ ਲੈਣ ਆਏ ਆਸਟ੍ਰੇਲੀਆ ਕ੍ਰਿਕਟਰ, ਕੁਮੈਂਟੇਟਰ ਅਤੇ ਸਪੋਰਟ ਸਟਾਫ ਸੋਮਵਾਰ ਨੂੰ ਸਿਡਨੀ ਪਹੁੰਚੇ। 38 ਲੋਕਾਂ ਦੀ ਇਹ ਟੀਮ ਆਈ.ਪੀ.ਐੱਲ. ਦੇ 14ਵੇਂ ਸੈਸ਼ਨ ਦੇ ਮੁਲਤਵੀ ਹੋਣ ਦੇ ਲਗਭਗ ਦੋ ਹਫਤਿਆਂ ਬਾਅਦ ਆਪਣੇ ਵਤਨ ਪਰਤ ਸਕੇ ਹਨ। ਇੰਨੇ ਦਿਨ ਤੱਕ ਇਹ ਲੋਕ ਮਾਲਦੀਵ ਵਿਚ ਰੁਕੇ ਹੋਏ ਸਨ ਅਤੇ ਆਪਣੇ ਦੇਸ਼ ਦਾ ਬਾਰਡਰ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਕੋਰੋਨਾ ਦੀ ਦੂਜੀ ਲਹਿਰ ਕਾਰਣ ਆਸਟ੍ਰੇਲੀਆ ਨੇ ਭਾਰਤ ‘ਤੇ ਯਾਤਰਾ ਪਾਬੰਦੀ ਲਗਾ ਦਿੱਤੀ ਸੀ।
ਇਨ੍ਹਾਂ ਲੋਕਾਂ ਨੇ ਮਾਲਦੀਵ ਵਿਚ 10 ਦਿਨ ਬਿਤਾਏ ਅਤੇ ਹੁਣ ਸਿਡਨੀ ਦੇ ਇਕ ਹੋਟਲ ਵਿਚ ਦੋ ਹਫਤੇ ਕੁਆਰੰਟੀਨ ਰਹਿਣਗੇ। ਨੈਸ਼ਨਲ ਬ੍ਰਾਡਕਾਸਟਰ ਏ.ਬੀ.ਸੀ. ਮੁਤਾਬਕ ਸਟੀਫ ਸਮਿਥ, ਪੈਟ ਕਮਿੰਸ, ਡੇਵਿਡ ਵਾਰਨਰ ਅਤੇ ਦਿੱਲੀ ਕੈਪੀਟਲਸ ਦੇ ਕੋਚ ਰਿਕੀ ਪੌਂਟਿੰਗ ਏਅਰ ਸੇਸ਼ੇਲਸ ਦੀ ਉਡਾਣ ਰਾਹੀਂ ਇਥੇ ਪਹੁੰਚੇ। ਚੇਨਈ ਸੁਪਰਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਵੀ ਸ਼ੁੱਕਰਵਾਰ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਦੋਹਾ ਰਾਹੀਂ ਐਤਵਾਰ ਮੁਲਕ ਲਈ ਰਵਾਨਾ ਹੋਏ। ਉਹ 4 ਮਈ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਨੂੰ ਇਕ ਏਅਰ ਐਂਬੂਲੈਂਸ ਵਿਚ ਦਿੱਲੀ ਤੋਂ ਚੇੱਨਈ ਲਿਆਂਦਾ ਗਿਆ ਸੀ।
ਦੱਸ ਦਈਏ ਕਿ ਬਾਇਓ ਬਬਲ ਵਿਚ ਚਾਰ ਖਿਡਾਰੀ ਅਤੇ ਦੋ ਕੋਚ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਮਈ ਦੀ ਸ਼ੁਰੂਆਤ ਵਿਚ ਆਈ.ਪੀ.ਐੱਲ. 2021 ਨੂੰ ਮੁਲਤਵੀ ਕਰਨਾ ਪਿਆ ਸੀ। ਦੱਸ ਦਈਏ ਕਿ ਟੂਰਨਾਮੈਂਟ ਦਾ ਆਯੋਜਨ ਅਜਿਹੇ ਸਮੇਂ ਹੋ ਰਿਹਾ ਸੀ, ਜਦੋਂ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਸਿਖਰ ‘ਤੇ ਸੀ। ਇਸ ਦੇ ਚੱਲਦੇ ਮੈਚ ਬੰਦ ਦਰਵਾਜ਼ਿਆਂ ਪਿੱਛੇ ਆਯੋਜਿਤ ਹੋ ਰਹੇ ਸਨ। ਖਿਡਾਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਬਾਇਓ ਬਬਲ ਬਣਾਇਆ ਗਿਆ ਸੀ।
ਕੋਰੋਨਾ ਨੇ ਬਬਲ ਵਿਚ ਵੀ ਸੰਨ੍ਹ ਲਾ ਦਿੱਤੀ। ਸਭ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਸ ਦੇ ਗੇਂਦਬਾਜ਼ ਵਰੁਣ ਚੱਕਰਵਰਤੀ, ਸੰਦੀਪ ਵਾਰੀਅਰ ਅਤੇ ਚੇਨਈ ਦੇ ਗੇਂਦਬਾਜ਼ੀ ਕੋਚ ਐੱਲ.ਬਾਲਾਜੀ ਇਨਫੈਕਟਿਡ ਪਾਏ ਗਏ। ਇਸ ਤੋਂ ਅਗਲੇ ਦਿਨ ਦਿੱਲੀ ਦੇ ਅਮਿਤ ਮਿਸ਼ਰਾ ਅਤੇ ਹੈਦਰਾਬਾਦ ਦੇ ਰਿੱਧੀਮਾਨ ਸਾਹਾ ਇਨਫੈਕਟਿਡ ਪਾਏ ਗਏ। ਇਸ ਤੋਂ ਬਾਅਦ ਆਈ.ਪੀ.ਐੱਲ. ਦੇ 14ਵੇਂ ਸੈਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਚੇਨਈ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ, ਕੋਲਕਾਤਾ ਦੇ ਟਿਮ ਸੇਫਰਟ ਅਤੇ ਪ੍ਰਸਿੱਧ ਕ੍ਰਿਸ਼ਣਾ ਵੀ ਇਨਫੈਕਟਿਡ ਪਾਏ ਗਏ।