ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਬੀਤੇ ਦਿਨ ਆਈਪੀਐਲ 13 ਦੇ ਦੂਜੇ ਮੈਚ ਵਿਚ ਦਿੱਲੀ ਕੈਪੀਟਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ। ਦੁਬਈ ਵਿਚ ਖੇਡੇ ਗਏ ਇਸ ਮੈਚ ਦਾ ਫੈਸਲਾ ਸੁਪਰ ਓਵਰ ਵਿਚ ਜਾ ਕੇ ਹੋਇਆ ਜਿੱਥੇ ਦਿੱਲੀ ਨੇ ਪੰਜਾਬ ਨੂੰ ਹਰਾ ਦਿੱਤਾ। ਮੈਚ ਵਿਚ ਪੰਜਾਬ ਦੀ ਜਿੱਤ ਪੱਕੀ ਲੱਗ ਰਹੀ ਸੀ ਪਰ ਆਖਰੀ ਓਵਰ ਵਿਚ ਮਯੰਕ ਅਗਰਵਾਲ ਦੇ ਆਊਟ ਹੋਣ ਨਾਲ ਬਾਜ਼ੀ ਪਲਟ ਗਈ।
ਦੁਬਈ ਵਿਚ ਖੇਡੇ ਗਏ ਇਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਟਾਸ ਜਿੱਤੇ ਕੇ ਗੇਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਕਰਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਦਿੱਲੀ ਕੈਪੀਟਲਜ਼ ਦੀ ਟੀਮ ਨੇ 20 ਓਵਰਾਂ ਵਿਚ 8 ਵਿਕਟਾਂ ਗਵਾ ਕੇ 157 ਦੋੜਾਂ ਬਣਾਈਆਂ। ਟੀਮ ਦੇ ਆਲਰਾਊਂਡਰ ਸਟੋਨੀਸ ਨੇ ਤੇਜ਼ਧਾਰ ਬੱਲੇਬਾਜ਼ੀ ਕਰਦੇ ਹੋਏ 21 ਗੇਂਦਾਂ ਵਿਚ 53 ਰਨ ਬਣਾਏ ਅਤੇ ਟੀਮ ਆਖਰੀ 3 ਓਵਰਾਂ ਵਿਚ 57 ਦੋੜਾਂ ਜੋੜਨ ਵਿਚ ਸਫਲ ਰਹੀ।
158 ਦੋੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਉੱਤਰੀ ਕਿੰਗਜ਼ ਇਲੈਵਨ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਦੇ ਸੱਤ ਓਵਰਾਂ ਵਿਚ 40 ਦੋੜਾਂ ਉੱਤੇ 4 ਵਿਕੇਟ ਗਿਰ ਗਏ ਜਿਸ ਤੋਂ ਬਾਅਦ ਮਯੰਕ ਅਗਵਰਾਲ ਨੇ ਪਾਰੀ ਨੂੰ ਸੰਭਾਲਿਆ ਅਤੇ 60 ਗੇਂਦਾਂ ਉੱਤੇ 89 ਰਨ ਬਣਾਏ ਪਰ ਆਖਰੀ ਓਵਰ ਵਿਚ ਉਹ ਆਊਟ ਹੋ ਗਏ। ਪੰਜਾਬ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉੱਚੇ 157 ਦੋੜਾਂ ਬਣਾ ਪਾਈ ਅਤੇ ਮੈਚ ਟਾਈ ਹੋ ਗਿਆ ਜਿਸ ਤੋਂ ਬਾਅਦ ਸੁਪਰ ਓਵਰ ਖੇਡਿਆਂ ਗਿਆ। ਸੁਪਰ ਓਵਰ ਵਿਚ ਪੰਜਾਬ 2 ਰਨ ਹੀ ਬਣਾ ਪਾਈ ਅਤੇ ਦਿੱਲੀ ਨੂੰ 3 ਦੋੜਾਂ ਦਾ ਟਾਰਗੇਟ ਮਿਲਿਆ ਅਤੇ ਦਿੱਲੀ ਨੇ ਇਹ ਟਾਰਗੇਟ ਆਸਾਨੀ ਨਾਲ ਹਾਸਲ ਕਰ ਲਿਆ।
ਉੱਥੇ ਹੀ ਅੱਜ ਟੂਰਨਾਮੈਂਟ ਦੇ ਤੀਜੇ ਮੈਚ ਵਿਚ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੰਗਲੌਰ ਅਤੇ ਸਨਰਾਈਜਰਸ ਹੈਦਰਾਬਾਦ ਆਹਮੋ ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 14 ਮੈਚ ਖੇਡੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 7 ਹੈਦਰਾਬਾਦ ਨੇ ਆਪਣੇ ਨਾਮ ਕੀਤੇ ਹਨ ਜਦਕਿ 6 ਮੈਚਾਂ ਵਿਚ ਬੈਂਗਲੌਰ ਨੇ ਬਾਜ਼ੀ ਮਾਰੀ ਹੈ। ਉੱਥੇ ਹੀ ਇਕ ਮੈਚ ਟਾਈ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਖੇਡਿਆਂ ਜਾਣ ਵਾਲਾ ਇਹ ਮੈਚ ਅੱਜ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ।