ਜਗਰਾਉਂ (ਲੁਧਿਆਣਾ): ਪੰਜਾਬ ਦੇ ਲੁਧਿਆਣਾ ਵਿੱਚ ਸਥਿਤ ਜਗਰਾਉਂ ਦੀ ਦਾਣਾ ਮੰਡੀ ‘ਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਦੋ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਇੱਕ ਹੋਰ ਮੁਲਾਜ਼ਮ ਦੀ ਮਸਾਂ ਹੀ ਜਾਨ ਬਚੀ। ਹੁਣ ਇਸ ਕੇਸ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਨਾਮੀ ਗੈਂਗਸਟਰ ਜੈਪਾਲ ਫਿਰੋਜ਼ਪੁਰੀਆ ਤੇ ਉਸ ਦੇ ਦੋ ਹੋਰ ਸਾਥੀਆਂ ਦੀ ਇਸ ਮਾਮਲੇ ‘ਚ ਸ਼ਮੂਲੀਅਤ ਦਾ ਪਤਾ ਲਗਾ ਲਿਆ ਹੈ। ਪੁਲਿਸ ਨੇ ਇਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿੱਤੀਆਂ ਹਨ। ਥਾਣਾ ਸਿਟੀ ਜਗਰਾਉਂ ‘ਚ ਕਤਲ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਤਿੰਨੋ ਮੁਲਾਜ਼ਮ ਸੀਆਈਏ ਸਟਾਫ ਤੋਂ ਕਿਸੇ ਕੇਸ ਦੀ ਤਫਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸੀ। ਇਸ ਦੌਰਾਨ ਉਹ ਇਕ ਟੈਂਕਰ ਦੀ ਤਲਾਸ਼ੀ ਲੈ ਰਹੇ ਸੀ ਕਿ ਅਚਾਨਕ ਇਕ ਆਈ 20 ਕਾਰ ਆਈ ਤੇ ਕਾਰ ਸਵਾਰਾਂ ਨੇ ਇਨ੍ਹਾਂ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਣ ਥਾਣੇਦਾਰ ਭਗਵਾਨ ਸਿੰਘ ਤੇ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ। ਜਦਕਿ ਤੀਸਰਾ ਮੁਲਾਜ਼ਮ ਬਚ ਗਿਆ। ਮੌਕੇ ਤੋਂ ਕਾਰ ਸਵਾਰ ਆਪਣੇ ਸਾਥੀਆਂ ਸਮੇਤ ਟੈਂਕਰ ਲੈ ਕੇ ਫਰਾਰ ਹੋ ਗਏ ਸਨ।