ਨਵੀਂ ਦਿੱਲੀ- ਕੋਵਿਡ-19 ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਫੰਡ ਰੇਜ਼ਿੰਗ ਕੈਂਪੇਨ ਸ਼ੁਰੂ ਕੀਤਾ ਹੈ। ਦੋਹਾਂ ਵਲੋਂ ਸ਼ੁਰੂ ਕੀਤੇ ਗਏ ਇਸ ਕੈਂਪੇਨ ਨੂੰ ਲੋਕਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਖੁਦ ਕੋਹਲੀ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਕੋਹਲੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ 24 ਘੰਟੇ ਤੋਂ ਵੀ ਘੱਟ ਸਮੇਂ ਵਿਚ 3.6 ਕਰੋੜ ਰੁਪਏ ਫੰਡ ਵਿਚ ਜਮ੍ਹਾ ਹੋ ਗਏ ਹਨ। ਸਾਡੇ ਟੀਚੇ ਤੋਂ ਲਗਭਗ 50 ਫੀਸਦੀ ਟੀਚੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦੇ ਰਹੋ ਅਤੇ ਦੇਸ਼ ਦੀ ਮਦਦ ਕਰੋ। ਧੰਨਵਾਦ, ਕੋਹਲੀ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਵੀ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ। ਇਸ ਵੇਲੇ ਭਾਰਤ ਵਿਚ ਕੋਰੋਨਾ ਕਾਰਣ ਸਥਿਤੀ ਬਹੁਤ ਹੀ ਖਰਾਬ ਹੈ। ਇਸ ਸੰਕਟ ਨੂੰ ਦੇਖਦੇ ਹੋਏ ਕੋਹਲੀ ਅਤੇ ਅਨੁਸ਼ਕਾ ਨੇ ਕੋਰੋਨਾ ਪੀੜਤਾਂ ਲਈ ਫੰਡ ਰੇਜ਼ਿੰਗ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ। ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਟਵੀਟ ਵਿਚ ਲਿਖਿਆ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਹੁਣ ਤੱਕ ਦਾਨ ਦਿੱਤਾ ਹੈ। ਹੱਥ ਜੋੜ ਕੇ ਤੁਹਾਡੇ ਯੋਗਦਾਨ ਲਈ ਧੰਨਵਾਦ। ਅਸੀਂ ਅੱਧੇ ਰਾਸਤੇ ਨੂੰ ਪਾਰ ਕਰ ਲਿਆ ਹੈ, ਚਲੋ ਅੱਗੇ ਵੱਧਦੇ ਰਹੀਏ।
ਦੋਹਾਂ ਸੈਲੇਬ੍ਰਿਟੀ ਨੇ ਕ੍ਰਾਊਡ-ਫੰਡਿੰਗ ਪਲੇਟਫਾਰਮ ‘ਕੇਟੋ’ ਰਾਹੀਂ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਤੁਸੀਂ ਵੀ ਆਪਣੇ ਵਲੋਂ ਇਸ ਮੁਹਿੰਮ ਵਿਚ ਯੋਗਦਾਨ ਦੇ ਸਕਦੇ ਹੋ। ਕੇਟੋ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ, ਵਿਰਾਟ ਅਤੇ ਅਨੁਸ਼ਕਾ ਦਾ ਭਾਰਤ ਵਿਚ ਕੋਵਿਡ ਪੀੜਤਾਂ ਦੀ ਮਦਦ ਲਈ 7 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਹੈ।
ਕੋਹਲੀ ਨੇ ਬਿਆਨ ਵਿਚ ਕਿਹਾ,’ ਅਸੀਂ ਆਪਣੇ ਦੇਸ਼ ਦੇ ਇਤਿਹਾਸ ਵਿਚ ਇਕ ਸੰਕਟ ਵਿਚੋਂ ਲੰਘ ਰਹੇ ਹਾਂ ਅਤੇ ਅਜਿਹੇ ਸਮੇਂ ਵਿਚ ਸਾਨੂੰ ਇਕਜੁੱਟ ਹੋਕੇ ਜ਼ਿਆਦਾ ਤੋਂ ਜ਼ਿਆਦਾ ਜਾਨਾਂ ਬਚਾਉਣ ਦੀ ਲੋੜ ਹੈ। ਪਿਛਲੇ ਸਾਲ ਤੋਂ ਜਿਸ ਤਰ੍ਹਾਂ ਲੋਕ ਜਿਸ ਦੁੱਖ ਵਿਚੋਂ ਲੰਘ ਰਹੇ ਹਨ। ਉਸ ਨੂੰ ਦੇਖ ਕੇ ਮੈਂ ਅਤੇ ਅਨੁਸ਼ਕਾ ਬਹੁਤ ਹੀ ਜ਼ਿਆਦਾ ਦੁਖੀ ਹਾਂ। ਵਿਰਾਟ ਨੇ ਕਿਹਾ, ਮਹਾਮਾਰੀ ਦੌਰਾਨ ਉਨ੍ਹਾਂ ਨੇ ਅਤੇ ਅਨੁਸ਼ਕਾ ਨੇ ਮਿਲ ਕੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਮੌਜੂਦਾ ਹਾਲਾਤ ਵਿਚ ਦੇਸ਼ ਨੂੰ ਸਭ ਤੋਂ ਜ਼ਿਆਦਾ ਸਹਿਯੋਗ ਦੀ ਲੋੜ ਹੈ।