International News : ਕੁਵੈਤ ਦੇ ਦੱਖਣੀ ਸ਼ਹਿਰ ਮੰਗਾਫ ਵਿੱਚ ਬੁੱਧਵਾਰ ਸਵੇਰੇ ਇੱਕ 7 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ ਹੁਣ ਤਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 45 ਭਾਰਤੀ ਹਨ। ਇਥੇ ਇਮਾਰਤ ਵਿਚ 196 ਪਰਵਾਸੀ ਮਜ਼ਦੂਰ ਰਹਿ ਰਹੇ ਸਨ। ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਮ੍ਰਿਤਕਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਭਾਰਤ ਲਿਆਏਗਾ। ਜਾਣਕਾਰੀ ਮੁਤਾਬਕ ਅੱਗ ਰਸੋਈ ‘ਚ ਲੱਗੀ ਸੀ, ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਹੋਈਆਂ ਹਨ। ਇਹ ਹਾਦਸਾ ਤੜਕੇ ਵਾਪਰਿਆ, ਮਜ਼ਦੂਰ ਉਥੇ ਸੁੱਤੇ ਪਏ ਸਨ ਕਿ ਅੱਗ ਲੱਗ ਗਈ। ਉਪਰੰਤ ਅਲ-ਅਹਿਮਦੀ ਗਵਰਨੋਰੇਟ ਦੇ ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ 4.30 ਵਜੇ ਹਾਦਸੇ ਦੀ ਜਾਣਕਾਰੀ ਦਿੱਤੀ ਗਈ।
ਦੱਸਦੇਈਏ ਕਿ 195 ਤੋਂ ਵੱਧ ਮਜ਼ਦੂਰਾਂ ਨੂੰ ਇਹ ਇਮਾਰਤ ਰਹਿਣ ਲਈ ਕਿਰਾਏ ‘ਤੇ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਰਾਜਾਂ ਦੇ ਭਾਰਤੀ ਸਨ। ਇਸ ਹਾਦਸੇ ਤੋਂ ਬਾਅਦ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ‘ਚ ਜ਼ਖਮੀ ਹੋਏ ਭਾਰਤੀਆਂ ਦੀ ਮਦਦ ਕਰਨ ਅਤੇ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਕੁਵੈਤ ਪਹੁੰਚੇ। ਕੁਵੈਤ ਪਹੁੰਚਣ ਤੋਂ ਬਾਅਦ ਕੀਰਤੀ ਵਰਧਨ ਸਿੰਘ ਨੇ ਕੁਵੈਤ ਦੇ ਵਿਦੇਸ਼ ਮੰਤਰੀ ਅਬਦੁੱਲਾ ਅਲੀ ਅਲ-ਯਾਹਿਆ ਨਾਲ ਮੁਲਾਕਾਤ ਕੀਤੀ। ਕੁਵੈਤ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਅਲ-ਯਾਹੀਆ ਨੇ ਡਾਕਟਰੀ ਸਹਾਇਤਾ, ਲਾਸ਼ਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਅਤੇ ਘਟਨਾ ਦੀ ਜਾਂਚ ਸਮੇਤ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤੀ ਹਵਾਈ ਸੈਨਾ ਦਾ ਇਕ ਜਹਾਜ਼ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਤਿਆਰ ਹੈ।
ਕੁਵੈਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਸ਼ੇਖ ਫਾਹਦ ਅਲ-ਯੂਸਫ ਅਲ-ਸਬਾਹ ਨੇ ਕਿਹਾ ਕਿ ਅਧਿਕਾਰੀਆਂ ਨੇ 48 ਲਾਸ਼ਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 45 ਭਾਰਤੀ ਅਤੇ ਤਿੰਨ ਫਿਲੀਪੀਨਜ਼ ਹਨ। ਉਨ੍ਹਾਂ ਕਿਹਾ ਕਿ ਇੱਕ ਬਾਕੀ ਬਚੀ ਲਾਸ਼ ਦੀ ਸ਼ਨਾਖਤ ਲਈ ਯਤਨ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ ਜਾਨ ਗਵਾਉਣ ਵਾਲੇ ਜ਼ਿਆਦਾਤਰ ਭਾਰਤੀ ਕੇਰਲ ਦੇ ਰਹਿਣ ਵਾਲੇ ਹਨ। ਭਾਰਤੀਆਂ ਵਿੱਚੋਂ 23 ਕੇਰਲ ਤੋਂ, ਸੱਤ ਤਾਮਿਲਨਾਡੂ ਤੋਂ, ਦੋ-ਦੋ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੋਂ ਅਤੇ ਇੱਕ-ਇੱਕ ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਤੋਂ ਸਨ।