ਲਾਰੈਂਸ਼ ਬਿਸ਼ਨੋਈ ਦੀ ਦੂਜੀ ਇੰਟਰਵਿਊ ਨੇ ਛੇੜੀ ਨਵੀਂ ਚਰਚਾ, DGP ਪੰਜਾਬ ਦੇ ਦਾਅਵਿਆਂ ‘ਤੇ ਖੜੇ ਕੀਤੇ ਕਈ ਸਵਾਲ

Gangster Lawrence Bishnoi news:ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਕਿ ਇਨ੍ਹਾਂ ਦਿਨੀਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇੱਕ ਨਿੱਜੀ ਪੰਜਾਬੀ ਮੀਡੀਆ ਚੈਨਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ…

Gangster Lawrence Bishnoi news:ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਕਿ ਇਨ੍ਹਾਂ ਦਿਨੀਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇੱਕ ਨਿੱਜੀ ਪੰਜਾਬੀ ਮੀਡੀਆ ਚੈਨਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਿਛਲੇ ਦਿਨਾਂ ‘ਚ ਇੱਕ ਇੰਟਰਵਿਊ ਕੀਤੀ ਗਈ ਜਿਸਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਤਹਿਲਕਾ ਮਚਾ ਦਿੱਤਾ ਸੀ। ਅਜੇ ਲਾਰੈਂਸ਼ ਬਿਸ਼ਨੋਈ ਦੇ ਪਹਿਲੇ ਇੰਟਰਵਿਊ ਦਾ ਵਿਵਾਦ ਖਤਮ ਨਹੀਂ ਸੀ ਹੋਇਆ ਤੇ ਉਸ ਨੇ ਦੂਜੀ ਇੰਟਰਵਿਊ ਵੀ ਦੇ ਦਿੱਤੀ ਹੈ। ਜਿਸ ਨੇ ਹੁਣ ਜੇਲ੍ਹ ਪ੍ਰਸ਼ਾਸ਼ਨ ‘ਤੇ ਕਈ ਸਵਾਲ ਉੱਠਾ ਦਿੱਤੇ ਹਨ।

 

ਹਾਲਾਂਕਿ ਡੀ.ਜੀ.ਪੀ ਪੰਜਾਬ ਵੱਲੋਂ ਬਿਸ਼ਨੋਈ ਦੀ ਇੰਟਰਵਿਊ ਮਗਰੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਦਾਅਵੇ ਕੀਤੇ ਗਏ ਸਨ। ਜਿਨ੍ਹਾਂ ‘ਚ ਸਭ ਤੋਂ ਵੱਡਾ ਇਹ ਸੀ ਕਿ ਬਿਸ਼ਨੋਈ ਦੀ ਜਿਹੜੀ ਦਿੱਖ ਹੈ ਉਹ ਪੁਰਾਣੀ ਹੈ। ਜਿਸ ਲਈ DGP ਵੱਲੋਂ 8 ਮਾਰਚ ਨੂੰ ਰਾਜਸਥਾਨ ਜੇਲ੍ਹ ਤੋਂ ਪੰਜਾਬ ਵਾਪਸ ਲਿਆਏ ਗਏ ਬਿਸ਼ਨੋਈ ਦੀਆਂ ਵੱਖ-ਵੱਖ ਤਰੀਕਾਂ ਦੀ ਤਸਵੀਰਾਂ ਨੂੰ ਜਨਤਕ ਕੀਤਾ ਗਿਆ।

ਪਰ ਉਸੇ ਨਿਜੀ ਚੈਨਲ ਦੇ ਦੂਜੇ ਇੰਟਰਵਿਊ ‘ਚ ਬਿਸ਼ਨੋਈ ਹੂਬਹੂ ਉਸੀ ਦਿੱਖ ‘ਚ ਦਿਖਿਆ ਜਿਸ ਨੂੰ ਲੈਕੇ DGP ਪੰਜਾਬ ਗੌਰਵ ਯਾਦਵ ਵੱਲੋਂ ਦਾਅਵੇ ਕੀਤੇ ਗਏ ਸਨ, ਜੋ ਹੁਣ ਕਿਤੇ ਨਾ ਕਿਤੇ ਪੰਜਾਬ ਦੇ ਜੇਲ੍ਹ ਸਿਸਟਮ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੇ ਹਨ।  

ਲਾਰੈਂਸ ਨੇ ਦੂਜੀ ਇੰਟਰਵਿਊ ‘ਚ ਕੀਤੇ ਹੋਰ ਵੱਡੇ ਖੁਲਾਸੇ

ਲਾਰੈਂਸ ਨੇ ਆਪਣੀ ਦੂਜੀ ਇੰਟਰਵਿਊ ‘ਚ ਇਹ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਕੋਲ ਸਰਕਾਰੀ ਸੁਰੱਖਿਆ ਸੀ ਅਸੀਂ ਉਸ ਨੂੰ ਨਹੀਂ ਮਾਰ ਸਕੇ ਪਰ ਜਿਵੇਂ ਹੀ ਸੁਰੱਖਿਆ ਘਟਾਈ ਗਈ ਅਸੀਂ ਉਸੇ ਵੇਲੇ ਮਾਰ ਦਿੱਤਾ।

ਲਾਰੈਂਸ ਦੇ ਇਸ ਬਿਆਨ ਨਾਲ ਨਾ ਸਿਰਫ਼ ਪੰਜਾਬ ਸਰਕਾਰ ਦੀ ਵੱਡੀ ਨਾਕਾਮਯਾਬੀ ਸਾਹਮਣੇ ਆਈ ਹੈ। ਮੂਸੇਵਾਲਾ ਦੇ ਕਤਲ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਗੋਲਡੀ ਨੇ ਜੋ ਵੀ ਕੀਤਾ ਹੈ, ਉਸ ਨੇ ਕੀਤਾ ਹੈ। ਗੋਲਡੀ ਬਰਾੜ ਦੇ ਅਮਰੀਕਾ ਵਿੱਚ ਫੜੇ ਜਾਣ ਦੀ ਗੱਲ ਸਹੀ ਨਹੀਂ ਹੈ। ਗੋਲਡੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਕਿਸੇ ਨੇ ਨਹੀਂ ਫੜਿਆ। ।

ਇਸ ਦੇ ਨਾਲ ਹੀ ਡੀਜੀਪੀ ਵੱਲੋਂ ਪ੍ਰੈਸ ਵਾਰਤਾ ਦਰਮਿਆਨ ਕੀਤੇ ਗਏ ਦਾਅਵਿਆਂ ‘ਤੇ ਵੀ ਸਵਾਲ ਖੜੇ ਹੋ ਗਏ ਹਨ। ਡੀਜੀਪੀ ਨੇ ਪਹਿਲੀ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਸੀ ਕਿ ਇੰਟਰਵਿਊ ਬਹੁਤ ਪੁਰਾਣੀ ਹੈ ਕਿਉਂਕਿ ਗੋਇੰਦਵਾਲ ਜੇਲ੍ਹ ਦਾ ਕੋਈ ਜ਼ਿਕਰ ਨਹੀਂ ਸੁਣਨ ਨੂੰ ਮਿਲਿਆ ਪਰ ਹੁਣ ਦੂਜੇ ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਗੋਇੰਦਵਾਲ ਜੇਲ੍ਹ ਕਤਲ ਕਾਂਡ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ।

ਫਿਰ DGP ਪੰਜਾਬ ਨੇ ਇਹ ਤਰਕ ਦਿੱਤਾ ਸੀ ਕਿ ਇਹ ਕਿਸੇ ਸਟੂਡੀਓ ਦੀ ਰਿਕਾਰਡਿੰਗ ਹੋਵੇਗੀ ਕਿਉਂਕਿ ਬਠਿੰਡਾ ਜੇਲ੍ਹ ਇਸ ਇੰਟਰਵਿਊ ‘ਚ ਨਹੀਂ ਦਿਖਾਈ ਦਿੱਤੀ ਹੈ। ਪਰ ਅੱਜ ਦੇ ਦੂਜੇ ਇੰਟਰਵਿਊ ‘ਚ ਲਾਰੈਂਸ ਬਿਸ਼ਨੋਈ ਨੇ ਆਪਣੀ ਜੇਲ੍ਹ ਬੈਰਕ ਵੀ ਦਿਖਾ ਦਿੱਤੀ ਹੈ, ਹਾਲਾਂਕਿ ਇਹ ਕਹਿਣਾ ਜਾਂਚ ਦਾ ਵਿਸ਼ਾ ਹੈ ਕਿ ਇਹ ਬੈਰਕ ਕਿਹੜੇ ਸੂਬੇ ਦੀ ਜੇਲ੍ਹ ਦੀ ਹੋਵੇਗੀ।

ਇੱਕ ਗੱਲ ਤਾਂ ਸਾਫ਼ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੀ ਦੂਜੀ ਇੰਟਰਵਿਊ ਨਾਲ ਕਾਨੂੰਨ ਅਤੇ ਵਿਵਸਥਾ ਦਾ ਜ਼ਰੂਰ ਮਜ਼ਾਕ ਬਣਾ ਦਿੱਤਾ ਹੈ ਕਿ ਭਾਰਤ ਦੀਆਂ ਜੇਲ੍ਹਾਂ ‘ਚੋਂ ਆਮ ਜਨਤਾ ਦੇ ਰੂਬਰੂ ਹੋਣਾ ਅਪਰਾਧੀਆਂ ਲਈ ਕੋਈ ਔਖੀ ਗੱਲ ਨਹੀਂ ਰਹਿ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣੀਆਂ ਜੇਲ੍ਹ ਨੀਤੀਆਂ ਅਤੇ ਪ੍ਰਬੰਧਾਂ ਦਾ ਇੱਕ ਵਾਰ ਤਾਂ ਹੁਣ ਜ਼ਰੂਰ ਮੁਆਇਨਾਂ ਕਰ ਲੈਣਾ ਚਾਹੀਦਾ ਹੈ।

ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ

ਉੱਥੇ ਹੀ ਅੰਤ ‘ਚ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਨੂੰ ਮੁੜ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਦੋਂ ਤੱਕ ਸ਼ਾਂਤ ਨਹੀਂ ਬੈਠੇਗਾ ਜਦੋਂ ਤੱਕ ਉਹ ਸਲਮਾਨ ਨੂੰ ਮਾਰ ਨਹੀਂ ਦਿੰਦਾ।

Leave a Reply

Your email address will not be published. Required fields are marked *