Mahatma Gandhis Grandson Died: ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੇ ਪੁੱਤਰ ਤੁਸ਼ਾਰ ਗਾਂਧੀ ਨੇ ਦੱਸਿਆ ਕਿ 89 ਸਾਲਾ ਲੇਖਕ ਅਤੇ ਸਮਾਜਿਕ-ਰਾਜਨੀਤਿਕ ਕਾਰਕੁਨ ਅਰੁਣ ਗਾਂਧੀ ਦਾ ਅੰਤਿਮ ਸੰਸਕਾਰ ਅੱਜ ਕੋਲਹਾਪੁਰ ਵਿੱਚ ਕੀਤਾ ਜਾਵੇਗਾ। 14 ਅਪ੍ਰੈਲ, 1934 ਨੂੰ ਡਰਬਨ ਵਿੱਚ ਮਨੀਲਾਲ ਗਾਂਧੀ ਅਤੇ ਸੁਸ਼ੀਲਾ ਮਸ਼ਰੂਵਾਲਾ ਦੇ ਘਰ ਜਨਮੇ ਅਰੁਣ ਗਾਂਧੀ ਨੇ ਇੱਕ ਕਾਰਕੁਨ ਵਜੋਂ ਆਪਣੇ ਦਾਦਾ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਕੇ ਆਪਣੀ ਜਿੰਦਗੀ ਗੁਜ਼ਾਰੀ ਹੈ।
ਆਪਣੇ ਦਾਦਾ, ਰਾਸ਼ਟਰਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ, ਉਸਨੇ ਇੱਕ ਲੇਖਕ ਅਤੇ ਕਾਰਕੁਨ ਵਜੋਂ ਮਹਾਰਾਸ਼ਟਰ ਦੇ ਲੋਕਾਂ ਦੀ ਸੇਵਾ ਕੀਤੀ। ਉਸਨੇ ਆਪਣੇ ਦਾਦਾ-ਦਾਦੀ ਨਾਲ ਸਬੰਧਤ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ।
ਪਿਛਲੇ 24 ਸਾਲਾਂ ਤੋਂ ਉਹ ਆਪਣੀ ਸੰਸਥਾ ‘ਚ ਜਾਂਦੇ ਸੀ। ਅਵਨੀ ਸੰਸਥਾ ਲੜਕੀਆਂ, ਔਰਤਾਂ, ਮੁੱਖ ਤੌਰ ‘ਤੇ ਬੇਘਰ ਔਰਤਾਂ ਦੀ ਮਦਦ ਲਈ ਕੰਮ ਕਰਦੀ ਹੈ। ਉਹ ਕੁਝ ਦਿਨ ਪਹਿਲਾਂ ਬਿਮਾਰ ਹੋ ਗਏ ਸੀ।ਉਸ ਨੂੰ ਫਲੂ ਵਰਗੇ ਸਧਾਰਨ ਲੱਛਣ ਸਨ। ਅਰੁਣ ਗਾਂਧੀ ਨੂੰ ਐਸਟਰ ਆਧਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕੁਝ ਸਮੇਂ ਬਾਅਦ, ਠੀਕ ਹੋਣ ਤੋਂ ਬਾਅਦ, ਉਹ ਅਵਨੀ ਸੰਸਥਾ ਵਿੱਚ ਵਾਪਸ ਆ ਗਏ। ਪਰ ਡਾਕਟਰਾਂ ਨੇ ਉਸ ਨੂੰ ਯਾਤਰਾ ਕਰਨ ਤੋਂ ਮਨ੍ਹਾ ਕਰ ਦਿੱਤਾ। ਸੋਮਵਾਰ ਸ਼ਾਮ ਨੂੰ ਅਵਨੀ ਸੰਸਥਾ ‘ਚ ਮਹਾਰਾਸ਼ਟਰ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਲੜਕੀਆਂ ਨੂੰ ਕਿਹਾ ਕਿ ਉਹ ਆਪਣੇ ਸੂਬੇ ਅਤੇ ਦੇਸ਼ ਨੂੰ ਕਿਸੇ ਵੀ ਚੀਜ਼ ਨਾਲੋਂ ਪਿਆਰਾ ਸਮਝਣ।
ਉਹ ਆਪਣੇ ਪਿੱਛੇ ਪੁੱਤਰ ਤੁਸ਼ਾਰ, ਬੇਟੀ ਅਰਚਨਾ, ਚਾਰ ਪੋਤੇ-ਪੋਤੀਆਂ ਅਤੇ ਪੰਜ ਪੜਪੋਤੇ-ਪੋਤੀਆਂ ਛੱਡ ਗਏ ਹਨ। ਅਰੁਣ ਗਾਂਧੀ ਆਪਣੇ ਆਪ ਨੂੰ ਸ਼ਾਂਤੀ ਦਾ ਪੁਜਾਰੀ ਕਹਿੰਦੇ ਸਨ। ਉਸਨੇ ਬੈਥਨੀ ਹੇਗੇਡਸ ਅਤੇ ਇਵਾਨ ਤੁਰਕ ਦੁਆਰਾ ਦਰਸਾਏ ਗਏ ‘ਕਸਤੂਰਬਾ, ਦਿ ਫਰਗੋਟਨ ਵੂਮੈਨ’, ‘ਗ੍ਰੈਂਡਫਾਦਰ ਗਾਂਧੀ’, ‘ਦ ਗਿਫਟ ਆਫ ਐਂਗਰ: ਐਂਡ ਅਦਰ ਲੈਸਨਜ਼ ਫਰਮ ਮਾਈ ਗ੍ਰੈਂਡਫਾਦਰ’ ਵਰਗੀਆਂ ਕਿਤਾਬਾਂ ਲਿਖੀਆਂ। ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ, ਉਨ੍ਹਾਂ ਨੇ ਹਮੇਸ਼ਾ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ ਗਾਂਧੀਵਾਦੀ ਕਦਰਾਂ-ਕੀਮਤਾਂ ਦਾ ਪ੍ਰਚਾਰ ਕੀਤਾ।