ਮਾਂ ਮੈਂ ਹੁਣੇ ਆਇਆ…ਕਹਿ ਕੇ ਗਿਆ ਪਰਿਵਾਰ ਦਾ ਇਕਲੌਤਾ ਪੁੱਤ ਲਾਪਤਾ, ਨੰਗਲ ਡੈਮ ਨੇੜਿਓਂ ਮਿਲਿਆ ਸਾਈਕਲ ਤੇ ਚੱਪਲਾਂ

ਨੰਗਲ : ਪਰਿਵਾਰ ਦਾ ਇਕਲੌਤਾ 13 ਸਾਲ ਦਾ ਪੁੱਤ ਲਾਪਤਾ ਹੋ ਗਿਆ ਹੈ। ਉਹ ਜਾਂਦਿਆਂ ਹੋਇਆਂ ਆਪਣੀ ਮਾਂ ਨੂੰ ਕਹਿ ਕੇ ਗਿਆ ਸੀ ਕਿ ਮੈਂ…

ਨੰਗਲ : ਪਰਿਵਾਰ ਦਾ ਇਕਲੌਤਾ 13 ਸਾਲ ਦਾ ਪੁੱਤ ਲਾਪਤਾ ਹੋ ਗਿਆ ਹੈ। ਉਹ ਜਾਂਦਿਆਂ ਹੋਇਆਂ ਆਪਣੀ ਮਾਂ ਨੂੰ ਕਹਿ ਕੇ ਗਿਆ ਸੀ ਕਿ ਮੈਂ ਹੁਣੇ ਆਇਆ ਪਰ ਉਹ ਨਾ ਪਰਤਿਆ। ਇਹ ਘਟਨਾ ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਦੀ ਹੈ। ਬੱਚੇ ਦੀਆਂ ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲਣ ਕਾਰਨ ਘਰਦਿਆਂ ਦੀ ਚਿੰਤਾ ਵੱਧ ਗਈ ਹੈ। ਇਸ ਸਬੰਧੀ ਜਾਣਕਾਰੀ ਨੰਗਲ ਪੁਲਿਸ ਅਤੇ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ।
ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਆਪਣੇ ਸਾਈਕਲ ‘ਤੇ ਘਰੋਂ ਨਿਕਲਿਆ ਸੀ ਕਿ ਉਹ ਜਲਦੀ ਆ ਰਿਹਾ ਹੈ, ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੇ ਚਿੰਤਤ ਹੋ ਕੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਬੱਚੇ ਦੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦੀ ਖਬਰ ਪਿੰਡ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਤੇ ਪਿੰਡ ਵਾਸੀਆਂ ਨੇ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ । ਇਸ ਦੌਰਾਨ ਬੱਚੇ ਦਾ ਸਾਈਕਲ, ਚੱਪਲਾਂ ਨੰਗਲ ਡੈਮ ਨੇੜੇ ਮਿਲੀਆਂ।
ਜਿਸ ਦੀ ਸੂਚਨਾ ਤੁਰੰਤ ਨੰਗਲ ਪੁਲਿਸ ਨੂੰ ਦਿੱਤੀ ਗਈ ਅਤੇ ਥਾਣਾ ਮਹਿਤਪੁਰ ਦੇ ਇੰਚਾਰਜ ਇੰਸਪੈਕਟਰ ਰਾਹੁਲ ਸ਼ਰਮਾ ਤੇ ਥਾਣਾ ਮਹਿਤਪੁਰ ਦੇ ਐਡੀਸ਼ਨਲ ਥਾਣਾ ਇੰਚਾਰਜ ਸੌਰਭ ਠਾਕੁਰ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਪਰ ਕੋਈ ਜਾਣਕਾਰੀ ਨਹੀਂ ਮਿਲੀ। ਇਸ ਲਈ ਅੱਜ ਸਵੇਰੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਨੇ ਆਪਣੇ ਹੋਰ ਸਾਥੀਆਂ ਨਾਲ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ‘ਚ ਤਲਾਸ਼ੀ ਮੁਹਿੰਮ ਚਲਾਈ ਪਰ ਹੁਣ ਤੱਕ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਉੱਥੇ ਹੀ ਬੀਡੀਸੀ ਮੈਂਬਰ ਜਸਪਾਲ ਸਿੰਘ, ਰਿਸ਼ਤੇਦਾਰ ਗੁਰਨਾਮ ਸਿੰਘ, ਬੱਚੇ ਦੇ ਨਾਨਾ ਜਗਦੇਵ ਸਿੰਘ ਆਦਿ ਨੇ ਦੱਸਿਆ ਕਿ ਅਭਿਜੋਤ ਦੀ ਉਮਰ 13 ਸਾਲ ਹੈ ਤੇ ਉਹ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਦਾ ਪਿਤਾ ਨੌਕਰੀ ਲਈ ਦੁਬਈ ਗਿਆ ਹੋਇਆ ਹੈ ਤੇ ਅਭਿਜੋਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ । ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਥਾਣਾ ਮਹਿਤਪੁਰ ਦੇ ਵਧੀਕ ਇੰਚਾਰਜ ਸੌਰਭ ਠਾਕੁਰ ਨੇ ਦੱਸਿਆ ਕਿ ਬੱਚਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਇਆ ਹੈ ਅਤੇ ਸਤਲੁਜ ਦਰਿਆ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Leave a Reply

Your email address will not be published. Required fields are marked *