ਅੰਮ੍ਰਿਤਸਰ (ਬਿਊਰੋ)- ਕੋਰੋਨਾ ਮਹਾਮਾਰੀ ਕਾਰਣ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਕਾਰਣ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਸਰਕਾਰ ਵਲੋਂ ਵੈਕਸੀਨੇਸ਼ਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੋਇਆ ਹੈ। ਪਰ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ਦੀਆਂ ਪੋਲਾਂ ਵੀ ਖੁੱਲ੍ਹ ਰਹੀਆਂ ਹਨ , ਜਿਸ ਨੂੰ ਲੈ ਕੇ ਲੋਕ ਮੀਡੀਆ ਰਾਹੀਂ ਸ਼ਿਕਾਇਤ ਵੀ ਕਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਅੰਮ੍ਰਿਤਸਰ ਵਿਚ ਵੀ ਦੇਖਣ ਨੂੰ ਮਿਲਿਆ ਹੈ ਜਿੱਥੇ ਕੋਰੋਨਾ ਵੈਕਸੀਨ ਦਾ ਮੈਸੇਜ ਤਾਂ ਲੋਕਾਂ ਨੂੰ ਆ ਰਿਹਾ ਹੈ ਪਰ ਜਦੋਂ ਉਹ ਵੈਕਸੀਨ ਲਗਵਾਉਣ ਲਈ ਵੈਕਸੀਨ ਸੈਂਟਰ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਖਾਲੀ ਹੱਥ ਮੋੜਿਆ ਜਾ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰਵਾਸੀ ਪੂਜਾ ਸੇਠ ਨੇ ਦੱਸਿਆ ਕਿ ਉਹਨਾ ਕੈਪਟਨ ਸਰਕਾਰ ਦੇ ਹੁਕਮਾਂ ‘ਤੇ ਕੋਰੋਨਾ ਵੈਕਸੀਨ ਲਗਵਾਉਣ ਲਈ ਰਜਿਸਟ੍ਰੇਸ਼ਨ ਵੀ ਕਰਵਾਈ। ਉਨ੍ਹਾਂ ਨੂੰ ਸਲਾਟ ਵੀ ਅਲਾਟ ਹੋ ਗਿਆ ਪਰ ਜਦੋਂ ਵੈਕਸੀਨ ਲਗਵਾਉਣ ਲਈ ਉਹ ਜ਼ਿਲੇ ਦੇ ਸਿਵਲ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਉਥੋਂ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਕਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਅਜੇ ਤੁਹਾਨੂੰ ਵੈਕਸੀਨ ਨਹੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਵੈਕਸੀਨ ਹੀ ਨਹੀ ਲਗਾਈ ਜਾਣੀ ਤੇ ਲੋਕਾਂ ਨੂੰ ਇਹ ਮੈਸੇਜ ਕਿਉਂ ਭੇਜੇ ਜਾ ਰਹੇ ਹਨ ਕਿ ਉਹ ਸਿਵਲ ਹਸਪਤਾਲ ਪਹੁੰਚ ਕੇ ਆਪਣੀ ਵੈਕਸੀਨ ਲਗਵਾ ਲੈਣ।ਬਾਕੀ ਰਹੀ ਸਿਵਲ ਹਸਪਤਾਲ ਦੇ ਪ੍ਰਬੰਧਾਂ ਦੀ ਗੱਲ ਤਾਂ ਇਥੇ ਪਹੁੰਚ ਕੇ ਵਿਅਕਤੀ ਨੇ ਠੀਕ ਕੀ ਹੋਣਾ ਜਿਥੇ ਨਾ ਵੈਕਸੀਨ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਹੈ।
ਇਸ ਸੰਬਧੀ ਜਦੋਂ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨਿਆਰ ਮੈਡੀਕਲ ਅਫਸਰ ਡਾ. ਚੰਦਰ ਮੋਹਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਵੈਕਸੀਨ ਦੀ ਕਮੀ ਕਾਰਣ ਇਹ ਸਮੱਸਿਆਵਾਂ ਆ ਰਹੀਆਂ ਹਨ ਕਿ ਸਾਡਾ ਰੋਜ਼ ਦਾ ਟਾਰਗੈੱਟ 450 ਤੋਂ 500 ਡੋਜ਼ ਦਾ ਹੈ ਤੇ ਸਪਲਾਈ 300 ਆ ਰਹੀ ਹੈ ਜਿਸਦੇ ਚਲਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸੋਮਵਾਰ ਤੋਂ ਪੰਜਾਬ ਵਿਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਲਗਾਉਣੀ ਸ਼ੁਰੂ ਹੋ ਜਾਵੇਗੀ।