ਨਵੀਂ ਦਿੱਲੀ (ਇੰਟ.)- ਕੋਰੋਨਾ ਦੀ ਟੈਸਟਿੰਗ ‘ਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR)ਨੇ ਵੱਡਾ ਫੈਸਲਾ ਲਿਆ ਹੈ। ਆਈ.ਸੀ.ਐੱਮ.ਆਰ. ਨੇ ਘਰ ਵਿਚ ਹੀ ਕੋਰੋਨਾ ਦਾ ਟੈਸਟ ਕਰਨ ਲਈ ਇਕ ਰੈਪਿਡ ਐਂਟੀਜਨ ਟੈਸਟ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੈਸਟਿੰਗ ਕਿੱਟ ਪੁਣੇ ਦੀ ਮਾਇਲੈਬ ਡਿਸਕਵਰੀ ਸਾਲਿਊਸ਼ਨ ਕੰਪਨੀ ਬਣਾ ਰਹੀ ਹੈ। ਇਸ ਕਿੱਟ ਰਾਹੀਂ ਲੋਕ ਸਿਰਫ 2 ਮਿੰਟ ਵਿਚ ਖੁਦ ਟੈਸਟਿੰਗ ਕਰ ਕੇ 15 ਮਿੰਟ ਵਿਚ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਟੈਸਟਿੰਗ ਕਿੱਟ ਦੀ ਕੀਮਤ ਸਿਰਫ 250 ਰੁਪਏ ਰੱਖੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲੇ ਵਿਚ ਸਾਹਮਣੇ ਆਏ ਬਲੈਕ ਫੰਗਸ ਦੇ 9 ਮਾਮਲੇ
ਕੰਪਨੀ ਦੇ ਫਾਊਂਡਰ ਸੁਜੀਤ ਜੈਨ ਨੇ ਦੱਸਿਆ, ‘ਮਾਇਲੈਬ ਇੰਡੀਆ ਦੀ ਪਹਿਲੀ ਅਜਿਹੀ ਕੰਪਨੀ ਹੈ, ਜਿਸ ਦੀ ਹੋਮ ਬੇਸ ਜਾਂ ਸੈਲਫ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਮਿਲੀ ਹੈ। ਕੋਵੀਸੈਲਫ ਨਾਂ ਨਾਲ ਇਹ ਟੈਸਟ ਕਿੱਟ ਮਾਰਕੀਟ ਵਿਚ ਲਾਂਚ ਹੋਣ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਹੋਮ ਟੈਸਟਿੰਗ ਕਿੱਟ ਹੈ। ਇਸ ਨੂੰ 7.5 ਲੱਖ ਫਾਰਮੇਸੀ ਸਟੋਰ ‘ਤੇ ਆਫਲਾਈਨ ਅਤੇ ਸਾਰੇ ਈ-ਕਮਰਸ ਵੈਬਸਾਈਟ ‘ਤੇ ਆਨਲਾਈਨ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,346 ਨਵੇਂ ਮਾਮਲੇ, ਮੌਤਾਂ ਦਾ ਅੰਕੜਾ ਹੋਇਆ 200 ਪਾਰ
ਇੰਝ ਕਰੋ ਇਸਤੇਮਾਲ ਹੋਮ ਟੈਸਟਿੰਗ ਕਿੱਟ ਨੂੰ
ਮਾਇਲੈਬ ਕੋਵੀਸੈਲਫ ਐਪ ਗੂਗਲ ਪਲੇ ਅਤੇ ਐਪਲ ਸਟੋਰ ਤੋਂ ਡਾਊਨਲੋਡ ਕਰਨਾ ਹੈ।
ਐਪ ਖੋਲ੍ਹਣ ਤੋਂ ਬਾਅਦ ਇਕ ਫਾਰਮ ਆਵੇਗਾ ਅਤੇ ਉਸ ਨੂੰ ਭਰਨ ਤੋਂ ਬਾਅਦ ਇਹ ਟੈਸਟਿੰਗ ਲਈ ਤਿਆਰ ਹੋ ਜਾਵੇਗਾ।
ਹੱਥ ਧੋਣ ਅਤੇ ਸੈਨੇਟਾਈਜ਼ ਕਰਨ ਤੋਂ ਬਾਅਦ ਕਿੱਟ ਵਿਚੋਂ ਨਿਕਲੇ ਯੰਤਰਾਂ ਨੂੰ ਸਾਫ ਥਾਂ ‘ਤੇ ਰੱਖਣਾ ਹੈ।
ਸਭ ਤੋਂ ਪਹਿਲਾਂ ਬਫਰ ਟਿਊਬ ਨੂੰ ਖੋਲ੍ਹਣਾ ਹੈ।
ਕਿੱਟ ਦੇ ਨਾਲ ਮਿਲਣ ਵਾਲੀ ਨੇਜ਼ਲ ਸਵਾਬ ਸਟਿਕ ਨੂੰ ਸਬੰਧਿਤ ਵਿਅਕਤੀ ਦੇ ਨੱਕ ਵਿਚ ਦੋ ਤੋਂ ਤਿੰਨ ਸੈਂਟੀਮੀਟਰ ਅੰਦਰ ਤੱਕ ਪਾ ਕੇ ਚੰਗੀ ਤਰ੍ਹਾਂ ਨਾਲ ਨਮੂਨੇ ਨੂੰ ਕਲੈਕਟ ਕਰਨਾ ਹੈ।
ਇਸ ਤੋਂ ਬਾਅਦ ਨੇਜ਼ਲ ਸੈਂਪਲ ਨੂੰ ਬਫਰ ਟਿਊਬ ਵਿਚ ਪਾਉਣਾ ਹੈ ਅਤੇ ਦਬਾਉਂਦੇ ਹੋਏ ਉਸ ਨੂੰ 10 ਵਾਰ ਹਿਲਾਉਣਾ ਹੈ ਅਤੇ ਫਿਰ ਨੇਜ਼ਲ ਸਵਾਬ ਸਟਿੱਕ ਨੂੰ ਤੋੜ ਦੇਣਾ ਹੈ।
ਇਸ ਤੋਂ ਬਾਅਦ ਟਿਊਬ ਨੂੰ ਸੀਲ ਕਰਨਾ ਹੈ ਅਤੇ ਟੈਸਟਿੰਗ ਕੈਸੇਟ ‘ਤੇ ਦੋ ਬੂੰਦਾਂ ਪਾਉਣੀਆਂ ਹਨ। ਇਸ ਪਿੱਛੋਂ ਟੈਸਟ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।
ਇਸ ਤੋਂ ਬਾਅਦ ਪਹਿਲਾਂ ਸੀ ਲਾਈਨ ਆਉਂਦੀ ਹੈ। ਜੋ ਇਹ ਦਰਸ਼ਾਉਂਦੀ ਹੈ ਕਿ ਸਾਡਾ ਟੈਸਟ ਸਹੀ ਢੰਗ ਨਾਲ ਹੋਇਆ ਹੈ। ਇਸ ਤੋਂ ਬਾਅਦ ਟੀ ਲਾਈਨ ਆਉਂਦੀ ਹੈ। ਜੇਕਰ ਇਹ ਦੋਵੇਂ ਲਾਈਨਾਂ ਆਉਂਦੀਆਂ ਹਨ ਤਾਂ ਇਹ ਮੰਨਿਆ ਜਾਂਦਾ ਹੈ ਕਿ ਸਬੰਧਿਤ ਵਿਅਕਤੀ ਕੋਰੋਨਾ ਪਾਜ਼ੇਟਿਵ ਹੈ।
15 ਮਿੰਟ ਤੱਕ ਜੇਕਰ ਟੀ ਲਾਈਨ ਨਹੀਂ ਆਉਂਦੀ ਹੈ ਤਾਂ ਅਸੀਂ ਇਹ ਮੰਨ ਕੇ ਚਲੀਏ ਕਿ ਸਬੰਧਿਤ ਵਿਅਕਤੀ ਨੈਗੇਟਿਵ ਹੈ। ਇਸ ਤੋਂ ਬਾਅਦ ਇਸ ਦੀ ਇਮੇਜ ਕਲਿੱਕ ਕਰ ਕੇ ਉਸ ਨੂੰ ਆਈ.ਸੀ.ਐੱਮ.ਆਰ. ਦੀ ਵੈਬਸਾਈਟ ‘ਤੇ ਅਪਲੋਡ ਕਰਨਾ ਹੈ ਅਤੇ ਉਨ੍ਹਾਂ ਵਲੋਂ ਇਕ ਰਿਪੋਰਟ ਵੀ ਮਿਲ ਜਾਵੇਗੀ।
ਇਸ ਟੈਸਟਿੰਗ ਕਿੱਟ ਦੇ ਨਾਲ ਇਕ ਇਂਸਟ੍ਰਕਸ਼ਨ ਮੈਨੁਅਲ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਆਸਾਨੀ ਨਾਲ ਇਸ ਦੇ ਇਸਤੇਮਾਲ ਦੇ ਤਰੀਕੇ ਨੂੰ ਸਮਝਿਆ ਜਾ ਸਕਦਾ ਹੈ।
ਇਸ ਦੇ ਇਸਤੇਮਾਲ ਲਈ ਨਵੀਂ ਐਡਵਾਈਜ਼ਰੀ ਵੀ ਆਈ.ਸੀ.ਐੱਮ.ਆਰ. ਵਲੋਂ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਹੋਮ ਟੈਸਟਿੰਗ ਕਿੱਟ ਸਿਰਫ ਸਿੰਪਟੋਮੈਟਿਕ ਮਰੀਜ਼ਾਂ ਲਈ ਹੈ। ਅਜਿਹੇ ਲੋਕ ਜੋ ਲੈਬ ਵਿਚ ਕਨਫਰਮ ਕੇਸ ਦੇ ਸਿੱਧੇ ਸੰਪਰਕ ਵਿਚ ਆਏ ਹਨ ਉਹ ਇਸ ਦੀ ਵਰਤੋਂ ਕਰ ਸਕਦੇ ਹਨ। ਲੋਕਾਂ ਨੂੰ ਹੋਮ ਟੈਸਟਿੰਗ ਕਿੱਟ ਬਣਾਉਣ ਵਾਲੀ ਕੰਪਨੀ ਦੇ ਦੱਸੇ ਮੈਨੁਅਲ ਤਰੀਕੇ ਨੂੰ ਫਾਲੋ ਕਰਨਾ ਹੋਵੇਗਾ।