ਕਾਂਗਰਸ ਨੂੰ ਝਟਕੇ ਉਤੇ ਝਟਕਾ; ਹੁਣ ਇਨਕਮ ਟੈਕਸ ਵਿਭਾਗ ਨੇ ਭੇਜਿਆ 1700 ਕਰੋੜ ਦਾ ਨੋਟਿਸ

ਬਲਜਿੰਦਰ ਸਿੰਘ ਮਹੰਤ, ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਸਿਰ ਉਤੇ ਹਨ। ਇਸ ਵਿਚਾਲੇ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਪਾਰਟੀ…

ਬਲਜਿੰਦਰ ਸਿੰਘ ਮਹੰਤ, ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਸਿਰ ਉਤੇ ਹਨ। ਇਸ ਵਿਚਾਲੇ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਹੁਣ ਪਾਰਟੀ ਨੂੰ ਅਜਿਹਾ ਝਟਕਾ ਲੱਗਾ ਹੈ ਕਿ ਇਸ ਨਾਲ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਲੜਨਾ ਹੀ ਭਾਰੀ ਪੈ ਸਕਦਾ ਹੈ। ਦਰਅਸਲ, ਇਨਕਮ ਟੈਕਸ ਵਿਭਾਗ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਪਾਰਟੀ ਤੋਂ 1700 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਦਾ ਡਿਮਾਂਡ ਨੋਟਿਸ ਸਾਲ 2017-18 ਤੋਂ 2020-21 ਲਈ ਹੈ। 1700 ਕਰੋੜ ਰੁਪਏ ਦੀ ਰਕਮ ਵਿੱਚ ਜੁਰਮਾਨਾ ਅਤੇ ਵਿਆਜ ਸ਼ਾਮਲ ਹੈ। ਇਹ ਨੋਟਿਸ ਸਾਲ 2017-18 ਤੋਂ 2020-21 ਲਈ ਭੇਜਿਆ ਗਿਆ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਵੀ ਕਾਂਗਰਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੂੰ ਇਹ ਨੋਟਿਸ ਭੇਜਿਆ ਗਿਆ ਹੈ। ਕਾਂਗਰਸ ਨੇ 2017-18 ਤੋਂ 2020-21 ਤੱਕ ਟੈਕਸ ਇਕੱਠਾ ਕਰਨ ਲਈ ਨੋਟਿਸ ਭੇਜਣ ਦਾ ਵਿਰੋਧ ਕਰਦੇ ਹੋਏ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਦੱਸਦੇਈਏ ਕਿ ਕਾਂਗਰਸ ਪਾਰਟੀ ਲਈ ਇਹ ਪਹਿਲੀ ਮੁਸ਼ਕਲ ਨਹੀਂ ਹੈ ਜੋ ਸਾਹਮਣੇ ਆਈ ਹੈ। ਬੀਤੇ ਕੁਝ ਦਿਨਾਂ ਤੋਂ ਅਜਿਹੀਆਂ ਕਈ ਸਰਗਰਮੀਆਂ ਹੋਈਆਂ ਜਿਨ੍ਹਾਂ ਕਰ ਕੇ ਪਾਰਟੀ ਮੁਸ਼ਕਲ ਵਿਚ ਜਾਂਦੀ ਦਿਖਾਈ ਦਿੱਤੀ। ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਸੁਪ੍ਰੀਆ ਸ਼੍ਰੀਨੇਤ ਬੀਤੇ ਦਿਨੀਂ ਮੁਸ਼ਕਲਾਂ ਵਿਚ ਘਿਰ ਗਈ, ਜਦੋਂ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੰਗਨਾ ਰਣੌਤ ਦੀ ਫੋਟੋ ਅਪਲੋਡ ਕਰ ਕੇ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਵਿਚਾਲੇ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। 
ਪੰਜਾਬ ਵਿਚ ਵੀ ਕਾਂਗਰਸ ਪੂਰੀ ਤਰ੍ਹਾਂ ਬਿਖਰੀ ਪਈ ਹੈ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੁਸ਼ੀਲ ਰਿੰਕੂ ਅਤੇ ਰਵਨੀਤ ਬਿੱਟੂ ਜਿਹੇ ਸੀਨੀਅਰ ਨੇਤਾ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਅਜਿਹੇ ਵਿਚ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿਚ ਕਿਵੇਂ ਆਪਣੇ ਆਪ ਨੂੰ ਬਣਾਈ ਰੱਖੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ।

Leave a Reply

Your email address will not be published. Required fields are marked *