ਜਲੰਧਰ (ਇੰਟ.)- ਕੋਰੋਨਾ ਮਹਾਮਾਰੀ ਦੌਰਾਨ ਆਕਸੀਜਨ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਨੇਕ ਪਹਿਲ ਕੀਤੀ ਹੈ। ਰੈੱਡਕ੍ਰਾਸ ਸੁਸਾਇਟੀ ਦੀ ਮਦਦ ਨਾਲ ਹੁਣ ਜਲੰਧਰ ਵਿਚ ਆਕਸੀਜਨ ਕੰਸਟ੍ਰੇਟਰ ਬੈਂਕ ਬਣਾ ਦਿੱਤਾ ਗਿਆ ਹੈ। ਇਥੋਂ ਲੋਕ 200 ਰੁਪਏ ਰੋਜ਼ਾਨਾ ਕਿਰਾਏ ‘ਤੇ ਇਸ ਨੂੰ ਲਿਜਾ ਸਕਦੇ ਹਨ। ਇਸ ਲਈ 5 ਹਜ਼ਾਰ ਦੀ ਸਕਿਓਰਿਟੀ ਵੀ ਦੇਣੀ ਹੋਵੇਗੀ, ਜੋ ਬਾਅਦ ਵਿਚ ਵਾਪਸ ਕਰ ਦਿੱਤੀ ਜਾਵੇਗੀ।
ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਬਾਜ਼ਾਰ ਵਿਚ ਖੁੱਲ੍ਹੇ ਵਿਚ ਆਕਸੀਜਨ ਸਿਲੰਡਰ ਵਿਕਰੀ ‘ਤੇ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਹੈ। ਉਥੇ ਹੀ ਆਕਸੀਜਨ ਕੰਸਟ੍ਰੇਟਰ ਵੀ ਬਲੈਕ ਵਿਚ ਮਿਲ ਰਿਹਾ ਸੀ। ਅਜਿਹੇ ਵਿਚ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਜਾਂ ਹਸਪਤਾਲ ਵਿਚ ਮਹਿੰਗਾ ਖਰਚਾ ਕਰਨਾ ਪੈ ਰਿਹਾ ਸੀ। ਡੀ.ਸੀ. ਘਨਸ਼ਿਆਮ ਥੋਰੀ ਨੇ ਕਿਹਾ ਕਿ ਆਕਸੀਜਨ ਕੰਸਟ੍ਰੇਟਰ ਲੈਣ ਲਈ ਡਾਕਟਰ ਜਾਂ ਹਸਪਤਾਲ ਦੀ ਪਰਚੀ ਹੋਣੀ ਲਾਜ਼ਮੀ ਹੈ। ਜੇਕਰ ਡਾਕਟਰ ਨੇ ਰਿਕਮੈਂਡ ਕੀਤਾ ਹੈ ਤਾਂ ਉਸ ਨੂੰ ਦਿਖਾਉਣ ‘ਤੇ ਕੰਸਟ੍ਰੇਟਰ ਕਿਰਾਏ ‘ਤੇ ਲੈ ਸਕਦੇ ਹਾਂ।
ਫਿਰ ਉਸ ਨੂੰ ਚਲਾਉਣ ਦਾ ਕੰਮ ਵੀ ਉਸੇ ਡਾਕਟਰ ਦੀ ਦੇਖ-ਰੇਖ ਵਿਚ ਹੋਵੇਗਾ। ਹਮੇਸ਼ਾ ਕਈ ਵਾਰ ਆਕਸੀਜਨ ਕੰਸਟ੍ਰੇਟਰ ਨਹੀਂ ਚੱਲਦਾ ਜਾਂ ਉਸ ਵਿਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਾਂ ਇਸ ਬਾਰੇ ਤੁਰੰਤ ਰੈੱਡਕ੍ਰਾਸ ਨੂੰ ਦੱਸ ਸਕਦੇ ਹਾਂ। ਇਸ ਦੇ ਲਈ ਬੈਕਅੱਪ ਵਿਚ ਆਕਸੀਜਨ ਸਿਲੰਡਰ ਦੀ ਵਿਵਸਥਾ ਹੋਵੇਗੀ। ਇਸ ਤੋਂ ਇਲਾਵਾ ਅਜਿਹੇ ਮਰੀਜ਼ਾਂ ਲਈ ਹੁਣ ਸਿਵਲ ਹਸਪਤਾਲ ਵਿਚ 30 ਬੈੱਡ ਦਾ ਕੋਵਿਡ ਰਿਕਵਰੀ ਵਾਰਡ ਵੀ ਬਣਾਇਆ ਗਿਆ ਹੈ।