New Parliament Building: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਉਦਘਾਟਨ ਤੋਂ ਪਹਿਲਾਂ ਪੀਐਮ ਮੋਦੀ ਨੇ ਨਵੇਂ ਸੰਸਦ ਭਵਨ ਦਾ ਨਿਰਮਾਣ ਕਰਨ ਵਾਲੇ ਵਰਕਰਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵੀ ਸੌਂਪੇ।
ਉਦਘਾਟਨ ਸਮਾਰੋਹ ਤੋਂ ਪਹਿਲਾਂ ਪੀਐਮ ਮੋਦੀ ਨੇ ‘ਸੇਂਗੋਲ’ ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ‘ਚ ਲੋਕ ਸਭਾ ਸਪੀਕਰ ਦੀ ਕੁਰਸੀ ਨੇੜੇ ਰਾਜਦੰਡ ‘ਸੇਂਗੋਲ’ ਲਗਾਇਆ। ਨਵੇਂ ਸੰਸਦ ਭਵਨ ਵਿੱਚ ਇਸਦੀ ਸਥਾਪਨਾ ਤੋਂ ਪਹਿਲਾਂ, ਇਤਿਹਾਸਕ ‘ਸੇਂਗੋਲ’ ਪ੍ਰਧਾਨ ਮੰਤਰੀ ਮੋਦੀ ਨੂੰ ਆਦਿਨਾਮਾਂ (ਹਿੰਦੂ ਮੱਠਾਂ ਦੇ ਮੁਖੀਆਂ) ਦੁਆਰਾ ਸੌਂਪਿਆ ਗਿਆ ਸੀ। ਸੰਸਦ ਭਵਨ ਵਿੱਚ ਅੰਮ੍ਰਿਤ ਕਾਲ ਦੇ ਰਾਸ਼ਟਰੀ ਚਿੰਨ੍ਹ ਵਜੋਂ ‘ਸੇਂਗੋਲ’ ਸਥਾਪਤ ਕੀਤਾ ਗਿਆ ਹੈ।
ਪੀਐਮ ਮੋਦੀ ਨੇ ਪ੍ਰਾਚੀਨ ਸੰਤਾਂ ਦਾ ਆਸ਼ੀਰਵਾਦ ਲਿਆ
‘ਸੇਂਗੋਲ’ ਦੀ ਸਥਾਪਨਾ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਤਾਮਿਲਨਾਡੂ ਦੇ ਵੱਖ-ਵੱਖ ਆਦੀਨਾਮਿਆਂ ਦੇ ਸੰਤਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਇਹ ਉਹੀ ਸੇਂਗੋਲ ਹੈ, ਜਿਸ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 14 ਅਗਸਤ ਦੀ ਰਾਤ ਨੂੰ ਆਪਣੀ ਰਿਹਾਇਸ਼ ‘ਤੇ ਕਈ ਨੇਤਾਵਾਂ ਦੀ ਮੌਜੂਦਗੀ ‘ਚ ਸਵੀਕਾਰ ਕੀਤਾ ਸੀ।
ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ
ਨਵੇਂ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਵੈਦਿਕ ਰੀਤੀ-ਰਿਵਾਜਾਂ ਤੋਂ ਬਾਅਦ ਰਵਾਇਤੀ ‘ਪੂਜਾ’ ਨਾਲ ਸ਼ੁਰੂ ਹੋਇਆ। ਪੂਜਾ ਦੌਰਾਨ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਪੂਜਾ ਤੋਂ ਬਾਅਦ ਪਤਵੰਤੇ ਲੋਕ ਸਭਾ ਚੈਂਬਰ ਅਤੇ ਨਵੀਂ ਇਮਾਰਤ ‘ਚ ਰਾਜ ਸਭਾ ਚੈਂਬਰ ਦੇ ਕੰਪਲੈਕਸ ਦਾ ਨਿਰੀਖਣ ਕਰਨਗੇ।