ਅਨੰਦਪੁਰ ਸਾਹਿਬ: ਕੌਮੀ ਤਿਉਹਾਰ ਹੋਲਾ ਮੁਹੱਲਾ ਮੌਕੇ ਨਿਹੰਗ ਸਿੰਘ ਬਾਣੇ ਵਿਚ ਇੱਕ ਨੌਜਵਾਨ ਪ੍ਰਦੀਪ ਸਿੰਘ ਦਾ ਕਤਲ ਹੋ ਗਿਆ ਗਿਆ ਸੀ, ਜਿਸ ਦਾ ਅੱਜ
ਗੁਰਦਾਸਪੁਰ ਦੇ ਪਿੰਡ ਗਾਜੀਕੋਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਸੀ।
ਦੱਸ ਦੇਈਏ ਕਿ ਪ੍ਰਦੀਪ ਸਿੰਘ ਦੇ ਕਤਲ ‘ਤੇ ਕਈ ਰਾਜਨੀਤਿਕ ਆਗੂਆਂ ਨੇ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ। ਉਸਦੇ ਪਰਿਵਾਰਕ ਮੈਂਬਰ ਵੱਲੋ ਸ੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਨਾਲ ਗੱਲ਼ਬਾਤ ਕੀਤੀ ਗਈ। ਡੀਐੱਸਪੀ ਨੇ ਭਰੋਸਾ ਦਿਵਾਇਆ ਸੀ ਕਿ ਮੁਲਜ਼ਮਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਪਿੰਡ ਗਾਜ਼ੀਕੋਟ ਵਿਖੇ 15 ਮਾਰਚ ਨੂੰ ਪਾਇਆ ਜਾਵੇਗਾ ਭੋਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਤਾਰੀਖ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਰੱਖੇ ਜਾਣਗੇ ਅਤੇ 16 ਮਾਰਚ ਨੂੰ ਭੋਗ ਪਾਏ ਜਾਣਗੇ। ਪਰਿਵਾਰ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਗਾਜ਼ੀਕੋਟ ਵਿਖੇ 15 ਮਾਰਚ ਨੂੰ ਭੋਗ ਪਾਏ ਜਾਣਗੇ।
ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ
ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਪ੍ਰਦੀਪ ਅੰਮ੍ਰਿਤਧਾਰੀ ਸੀ ਅਤੇ ਉਸ ਵੱਲੋਂ ਹੁੱਲੜਬਾਜ਼ੀ ਕਰਨ ਵਾਲੇ ਕੁੱਝ ਨੌਜਵਾਨਾਂ ਨੂੰ ਬੇਨਤੀ ਕਰਦਿਆਂ ਰੋਕਿਆ ਜਾ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੌਜਵਾਨਾਂ ਨੇ ਪ੍ਰਦੀਪ ‘ਤੇ ਹਮਲਾ ਕਰ ਉਸਨੂੰ ਜਾਨ ਤੋਂ ਮਾਰ ਦਿੱਤਾ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਕੀ ਸੀ ਪੂਰਾ ਮਾਮਲਾ
ਜ਼ਿਕਰ ਕਰ ਦਈਏ ਕਿ ਹੋਲੇ ਮੁਹੱਲੇ ਦੌਰਾਨ ਪ੍ਰਦੀਪ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ। ਉਹ ਕੁਝ ਲੋਕਾਂ ਨੂੰ ਜੀਪਾਂ ਆਦਿ ਵਿੱਚ ਲਾਊਡ ਸਪੀਕਰਾਂ ’ਤੇ ਉੱਚੀ ਆਵਾਜ਼ ਵਿੱਚ ਗੀਤ ਵਜਾਉਣ ਤੋਂ ਵਰਜ ਰਿਹਾ ਸੀ। ਇਸ ਦੌਰਾਨ ਹੰਗਾਮਾ ਹੋਣ ‘ਤੇ ਦੂਜੀ ਧਿਰ ਨੇ ਪ੍ਰਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।