ਚੰਡੀਗੜ੍ਹ (ਇੰਟ.)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਟੀਚਿੰਗ ਫੈਕਲਟੀ ਦੀ ਕੈਸ ਪ੍ਰਮੋਸ਼ਨ ਦਾ ਮਾਮਲਾ ਫਿਰ ਗਰਮਾ ਗਿਆ ਹੈ। ਮਾਮਲਾ ਇਕ ਵਾਰ ਫਿਰ ਪੀ.ਯੂ. ਚਾਂਸਲਰ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਤੱਕ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ (ਪੁਟਾ) ਨੇ ਚਿੱਠੀ ਲਿਖ ਕੇ ਚਾਂਸਲਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਰੁੱਖ ਪ੍ਰਤੀ ਜਾਣੂੰ ਕਰਵਾਇਆ।
ਚਿੱਠੀ ਰਾਹੀਂ ਦੱਸਿਆ ਗਿਆ ਹੈ ਕਿ 31 ਜਨਵਰੀ 2021 ਨੂੰ ਚਾਂਸਲਰ ਵਲੋਂ ਕੈਸ ਪ੍ਰਮੋਸ਼ਨ ਕਰਨ ਦੇ ਹੁਕਮ ਜਾਰੀ ਹੋਏ ਸਨ, ਪਰ ਚਾਰ ਮਹੀਨੇ ਪੂਰੇ ਹੋਣ ਦੇ ਬਾਵਜੂਦ ਉਹ ਪ੍ਰਕਿਰਿਆ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਪੂਰੀ ਨਹੀਂ ਕਰ ਸਕਿਆ। ਇਸ ਨੂੰ ਲੈ ਕੇ ਟੀਚਿੰਗ ਸਟਾਫ ਵਿਚ ਰੋਸ ਹੈ।
ਪੁਟਾ ਸੈਕ੍ਰੇਟਰੀ ਅਮਰਜੀਤ ਨੌਰਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਢਿੱਲੇ ਰਵੱਈਏ ਨੂੰ ਦੇਖਦੇ ਹੋਏ ਜ਼ਿਆਦਾਤਰ ਟੀਚਿੰਗ ਸਟਾਫ ਪੀ.ਯੂ. ਨੂੰ ਛੱਡ ਕੇ ਦੂਜੀ ਯੂਨੀਵਰਸਿਟੀ ਦਾ ਰੁਖ ਕਰਨ ਦੀ ਪਲਾਨਿੰਗ ਕਰ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਇਸ ਰਵੱਈਏ ਦੇ ਚੱਲਦੇ ਹੀ ਯੂਨੀਵਰਸਿਟੀ ਗ੍ਰੋਥ ਕਰਨ ਦੀ ਬਜਾਏ ਉਸ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਕਈ ਤਰ੍ਹਾਂ ਦੀ ਰੈਂਕਿੰਗ ਜਾਰੀ ਹੋ ਰਹੀ ਹੈ, ਜਿਸ ਵਿਚ ਯੂਨੀਵਰਸਿਟੀ ‘ਤੇ ਜਾਣ ਦੀ ਬਜਾਏ ਹੇਠਾਂ ਵੱਲ ਜਾ ਰਹੀ ਹੈ।
ਪੁਟਾ ਪ੍ਰੈਜ਼ੀਡੈਂਟ ਡਾ. ਮ੍ਰਿਤਿਊਂਜੈ ਕੁਮਾਰ ਨੇ ਕਿਹਾ ਕਿ ਲਗਾਤਾਰ ਇਕ ਸਾਲ ਤੋਂ ਵੀ ਵਧੇਰੇ ਸਮੇਂ ਤੋਂ ਕੈਸ ਪ੍ਰਮੋਸ਼ਨ ਦਾ ਮੁੱਦਾ ਪੈਂਡਿੰਗ ਹੈ। ਹਰ ਵਾਰ ਕੋਰੋਨਾ ਦਾ ਬਹਾਨਾ ਲਗਾ ਕੇ ਇਸ ਨੂੰ ਰੋਕ ਦਿੱਤਾ ਜਾਂਦਾ ਹੈ। ਦੋ ਵਾਰ ਯੂਨੀਵਰਸਿਟੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਵੇਲੇ ਵੀ ਕੈਸ ਪ੍ਰਮੋਸ਼ਨ ‘ਤੇ ਕੋਈ ਕਾਰਵਾਈ ਨਹੀਂ ਹੋਈ। ਜਿਸ ਦੇ ਚੱਲਦੇ ਪੀ.ਯੂ. ਅਤੇ ਇਸ ਨਾਲ ਸਬੰਧਿਤ ਕਾਲਜਾਂ ਵਿਚ ਸੇਵਾ ਦੇ ਰਹੇ 700 ਤੋਂ ਵੀ ਜ਼ਿਆਦਾ ਟੀਚਿੰਗ ਸਟਾਫ ਦੀ ਪ੍ਰਮੋਸ਼ਨ ਲਟਕ ਗਈ ਹੈ।