ਚੰਡੀਗੜ੍ਹ : ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਲਕੇ ਨਾਮਜ਼ਦਗੀ ਭਰਨ ਦੌਰਾਨ ਕੀਤੇ ਜਾਣ ਵਾਲੇ ਰੋਡ ਸ਼ੋਅ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਦੇ ਮਸ਼ਹੂਰ ਲੇਖਕ, ਕਵੀ ਅਤੇ ਸ਼ਾਇਰ ਸੁਰਜੀਤ ਪਾਤਰ, ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ, ਉਨ੍ਹਾਂ ਦਾ ਭਲਕੇ ਅੰਤਿਮ ਸਸਕਾਰ ਹੈ। ਇਸ ਦੇ ਮੱਦੇਨਜ਼ਰ ਹੀ ਰਾਜਾ ਵੜਿੰਗ ਵਲੋਂ ਨਾਮਜ਼ਦਗੀ ਭਰਨ ਦੌਰਾਨ ਆਪਣੇ ਰੋਡ ਸ਼ੋਅ ਦੇ ਪ੍ਰੋਗਰਾਮਾਂ ਨੂੰ ਰੱਦ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਰਾਜਾ ਵੜਿੰਗ ਨੇ ਐਕਸ ਉਤੇ ਵੀਡੀਓ ਪਾ ਕੇ ਦਿੱਤੀ।
ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਸਾਡੇ ‘ਚ ਨਹੀਂ ਰਹੇ। ਭਲਕੇ ਉਨ੍ਹਾਂ ਦਾ ਅੰਤਿਮ ਸਸਕਾਰ ਰੱਖਿਆ ਗਿਆ ਹੈ। ਇਸ ਲਈ ਨਾਮਜ਼ਦਗੀ ਕਾਗਜ਼ ਉਹ ਸ਼ਾਂਤਮਈ ਤਰੀਕੇ ਨਾਲ ਭਰਨਗੇ। ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਰੋਡ ਸ਼ੋਅ ਦਾ ਪ੍ਰੋਗਰਾਮ ਰੱਦ ਕੀਤਾ ਜਾ ਰਿਹਾ ਹੈ। ਉਹ ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਦੌਰਾਨ ਸਿਰਫ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਸੱਦਿਆ ਜਾਵੇਗਾ।
ਮੈਂ ਆਪਣੇ ਸਮੂਹ ਸਾਥੀਆਂ, ਵਰਕਰਾਂ ਤੇ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਰਹੂਮ ਸੁਰਜੀਤ ਪਾਤਰ ਜੀ ਦਾ ਕੱਲ੍ਹ ਸੰਸਕਾਰ ਹੋਣ ਕਰ ਕੇ ਨਾਮਜ਼ਦਗੀ ਭਰਨ ਵੇਲੇ ਕੋਈ ਵੀ ਇਕੱਠ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਮੈਂ ਸੁਰਜੀਤ ਪਾਤਰ ਜੀ ਦੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਜ਼ਿਲ੍ਹਾ… pic.twitter.com/bp1CsGOV2l
— Amarinder Singh Raja Warring (@RajaBrar_INC) May 12, 2024