ਇਸਲਾਮਾਬਾਦ- ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਸਣੇ ਸਾਰੇ ਬਕਾਇਆ ਮੁੱਦੇ ਗੱਲਬਾਤ ਰਾਹੀਂ ਸੁਲਝਾਉਣ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਿਚਾਲੇ ਉੱਚ ਪੱਧਰੀ ਵਾਰਤਾ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਇਮਰਾਨ ਇਸ ਵੇਲੇ ਸਾਊਦੀ ਅਰਬ ਦੀ ਯਾਤਰਾ ‘ਤੇ ਹਨ।
ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਲਈ ਦੋਹਾਂ ਧਿਰਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਸਮੇਤ ਬਕਾਇਆ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਕ੍ਰਾਊਨ ਪ੍ਰਿੰਸ ਨੇ ਕੰਟਰੋਲ ਰੇਖਾ ‘ਤੇ ਜੰਗ ਬੰਦੀ ਲਈ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਵਿਚਾਲੇ ਹਾਲ ਵਿਚ ਬਣੀ ਸਹਿਮਤੀ ਦਾ ਵੀ ਸਵਾਗਤ ਕੀਤਾ ਹੈ। ਇਹ ਜੰਗ ਬੰਦੀ ਭਾਰਤ ਅਤੇ ਪਾਕਿਸਤਾਨ ਵਿਚਾਲੇ 2003 ਵਿਚ ਬਣੀ ਸਹਿਮਤੀ ‘ਤੇ ਅਧਾਰਿਤ ਹੈ।
ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਨੇ 25 ਫਰਵਰੀ ਨੂੰ ਐਲਾਨ ਦਿੱਤਾ ਸੀ ਕਿ ਉਹ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ‘ਤੇ ਜੰਗ ਬੰਦੀ ਨਾਲ ਜੁੜੇ ਸਾਰੇ ਸਮਝੌਤਿਆਂ ਦਾ ਸਖ਼ਤੀ ਨਾਲ ਪਾਲਨ ਕਰਨ ਲਈ ਤਿਆਰ ਹਨ। ਇਮਰਾਨ ਦੀ ਸਾਊਦੀ ਅਰਬ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਨੇ ਦੋ ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਆਪਸੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਦੋਹਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਸੀ ਸਬੰਧ ਮਜ਼ਬੂਤ ਕਰਨ ਦਾ ਵੀ ਫੈਸਲਾ ਲਿਆ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ‘ਤੇ ਵੀ ਹਸਤਾਖਰ ਹੋਏ।
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਆਮ ਚੋਣਾਂ ਵਿਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਇਕ ਆਰਡੀਨੈਂਸ ਜਾਰੀ ਕੀਤਾ ਹੈ। ਸ਼ਿਨਹੁਆ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਨੇ ਦੇਸ਼ ਦੀ ਚੋਣ ਐਕਟ ਵਿਚ ਸੋਧ ਕੀਤੀ ਹੈ। ਇਸ ਦੇ ਤਹਿਤ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਈ.ਵੀ.ਐੱਮ. ਖਰੀਦਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਆਰਡੀਨੈਂਸ ਰਾਹੀਂ ਰਾਸ਼ਟਰਪਤੀ ਨੇ ਵਿਦੇਸ਼ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਭਵਿੱਖ ਵਿਚ ਹੋਣ ਵਾਲੀਆਂ ਆਮ ਚੋਣਾਂ ਅਤੇ ਉਪ ਚੋਣਾਂ ਵਿਚ ਵੋਟ ਦੇ ਅਧਿਕਾਰ ਵੀ ਦੇ ਦਿੱਤਾ ਹੈ।