ਬਲਜਿੰਦਰ ਸਿੰਘ ਮਹੰਤ, ਐਸਏਐਸ ਨਗਰ : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਖਰੜ ਤੇ ਜ਼ੀਰਕਪੁਰ ਨਗਰ ਕੌਂਸਲਾਂ ਦਾ ਰਲੇਵਾਂ ਮੁਹਾਲੀ ਨਗਰ ਨਿਗਮ ਵਿੱਚ ਕਰ ਕੇ ਮਹਾਂ ਨਗਰ ਨਿਗਮ ਬਣਾਉਣ ਦੀ ਸਕੀਮ ਕੀਤੀ ਹੈ ਜਿਸ ’ਤੇ 5 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿਚ ਰਸਮੀ ਮੋਹਰ ਲੱਗ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਇਹ ਸਕੀਮ ਤਿਆਰ ਕਰ ਕੇ ਸਰਕਾਰ ਨੂੰ ਸਿਫਾਰਸ਼ ਨਾਲ ਭੇਜ ਦਿੱਤੀ ਹੈ। ਹੁਣ ਸਰਕਾਰ ਵੱਲੋਂ ਇਸ ਸਕੀਮ ਬਾਰੇ ਫੈਸਲਾ ਲਿਆ ਜਾਣਾ ਹੈ, ਉਂਝ 5 ਜੁਲਾਈ ਨੂੰ ਇਸ ਬਾਬਤ ਅਹਿਮ ਮੀਟਿੰਗ ਵੀ ਸੱਦੀ ਗਈ ਹੈ।
ਇਸ ਵੇਲੇ ਮੁਹਾਲੀ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ ਹੈ ਜਿਥੇ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਭਰਾ ਅਮਰਜੀਤ ਸਿੱਧੂ ਮੇਅਰ ਹਨ ਜਦੋਂ ਕਿ ਖਰੜ ’ਤੇ ਅਕਾਲੀ ਦਲ ਅਤੇ ਜ਼ੀਰਕਪੁਰ ਨਗਰ ਕੌਂਸਲ ’ਤੇ ਕਾਂਗਰਸ ਦਾ ਕਬਜ਼ਾ ਹੈ।ਮੁਹਾਲੀ, ਡੇਰਾਬੱਸੀ ਤੇ ਖਰੜ ਤਿੰਨਾਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਮੁਹਾਲੀ ਤੋਂ ਕੁਲਵੰਤ ਸਿੰਘ, ਡੇਰਾਬੱਸੀ ਤੋਂ ਕੁਲਤਾਰ ਸਿੰਘ ਤੇ ਖਰੜ ਤੋਂ ਅਨਮੋਲ ਗਗਨ ਮਾਨ ਵਿਧਾਇਕ ਹਨ।