Amritsar News: ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪ੍ਰਬੰਧਕੀ ਬੇਨਿਯਮੀਆਂ ਦਾ ਮਾਮਲਾ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤੀ ਮਿਸਾਲੀ ਕਾਰਵਾਈ, 51 ਮੁਲਾਜ਼ਮ ਮੁਅੱਤਲ

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ…

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੇ ਮਾਮਲੇ ’ਤੇ ਮਿਸਾਲੀ ਕਾਰਵਾਈ ਕਰਦਿਆਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿਚ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਪਾਸੋਂ ਪੜਤਾਲ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ। 

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਉਸ ਸਮੇਂ ਦੌਰਾਨ ਤਾਇਨਾਤ ਰਹੇ ਮੈਨੇਜਰ, ਸੁਪਰਵਾਈਜ਼ਰ, ਸਟੋਰਕੀਪਰ ਅਤੇ ਡਿਊਟੀ ਨਿਭਾਉਂਦੇ ਰਹੇ ਗੁਰਦੁਆਰਾ ਇੰਸਪੈਕਟਰ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 51 ਮੁਲਜ਼ਾਮਾਂ ਵਿੱਚੋਂ 2 ਸਟੋਰਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿੱਤੇ ਗਏ ਸਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਾਂ ਅੰਦਰ ਕਿਸੇ ਤਰ੍ਹਾਂ ਦੀ ਅਣਗਹਿਲੀ ਅਤੇ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਿਸ ਦੀ ਤਰਜ਼ਮਾਨੀ ਕਰਨਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਮੁਲਾਜ਼ਮਾਂ ਦੀ ਮੁੱਢਲੀ ਜ਼ੁੰਮੇਵਾਰੀ ਹੈ। ਜਿਹੜਾ ਵੀ ਗੁਰਦੁਆਰਾ ਪ੍ਰਬੰਧਾਂ ਨੂੰ ਸੱਟ ਮਾਰੇਗਾ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸ. ਭਗਵੰਤ ਸਿੰਘ ਧੰਗੇੜਾ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਨਿਯੁਕਤ
ਇਸੇ ਦੌਰਾਨ ਸ. ਭਗਵੰਤ ਸਿੰਘ ਧੰਗੇੜਾ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਉਹ ਸ਼੍ਰੋਮਣੀ ਕਮੇਟੀ ਦੇ ਸਬ-ਆਫ਼ਿਸ ਚੰਡੀਗੜ੍ਹ ਵਿਖੇ ਇੰਚਾਰਜ ਵਜੋਂ ਤਾਇਨਾਤ ਸਨ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਨਵੇਂ ਜਨਰਲ ਮੈਨੇਜਰ ਵਜੋਂ ਸ. ਭਗਵੰਤ ਸਿੰਘ ਧੰਗੇੜਾ ਦੇ ਨਾਲ-ਨਾਲ ਐਡੀਸ਼ਨਲ ਮੈਨੇਜਰ ਸ. ਨਿਸ਼ਾਨ ਸਿੰਘ ਨੂੰ ਸਰਾਵਾਂ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਮੈਨੇਜਰ ਸ. ਨਰਿੰਦਰ ਸਿੰਘ ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਤਾਇਨਾਤ ਕੀਤਾ ਗਿਆ ਹੈ। ਖਰੀਦ ਵਿਭਾਗ ਵਿਖੇ ਸੁਪਰਵਾਈਜ਼ਰ ਵਜੋਂ ਕਾਰਜਸ਼ੀਲ ਸ. ਸਤਿੰਦਰ ਸਿੰਘ ਨੂੰ ਲੰਗਰ ਸ੍ਰੀ ਦਰਬਾਰ ਸਾਹਿਬ ਵਿਖੇ ਵਧੀਕ ਮੈਨੇਜਰ ਲਗਾ ਕੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਬੰਧ ਦਿੱਤਾ ਗਿਆ ਹੈ।

Leave a Reply

Your email address will not be published. Required fields are marked *