ਪਾਣੀਪਤ : ਪਾਣੀਪਤ ਪੁਲਿਸ ਨੇ ਜ਼ਿਲ੍ਹੇ ਦੇ ਸਮਾਲਖਾ ਨੇੜੇ ਇਕ ਮੁਕਾਬਲੇ ‘ਚ ਇਕ ਬਦਨਾਮ ਅਪਰਾਧੀ ਨੂੰ ਮਾਰ ਦਿੱਤਾ। ਇਕ ਹੋਰ ਜ਼ਖ਼ਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਮਾਰਿਆ ਗਿਆ ਅਪਰਾਧੀ ਰਾਕੇਸ਼ ਉਰਫ਼ ਰਾਕਾ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਗੈਂਗਸਟਰ ਪ੍ਰਿਯਵਰਤ ਫੌਜੀ ਦਾ ਛੋਟਾ ਭਰਾ ਸੀ। ਪ੍ਰਿਯਵਰਤ ਫੌਜੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਸ਼ੂਟਰ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 9 ਵਜੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਥਾਣਾ ਖੇਤਰ ‘ਚ ਸੀਆਈਏ ਦੀ ਦੋ ਪੁਲਿਸ ਟੀਮ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਗੋਲ਼ੀ ਲੱਗਣ ਨਾਲ ਇਕ ਬਦਮਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਪ੍ਰਿਯਵਰਤ ਫ਼ੌਜੀ ਦੇ ਛੋਟੇ ਭਰਾ ਰਾਕੇਸ਼ ਉਰਫ਼ ਰਾਕਾ ਵਜੋਂ ਹੋਈ ਹੈ। ਦੂਜਾ ਬਦਮਾਸ਼ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪਾਣੀਪਤ ਦੇ ਜਨਰਲ ਹਸਪਤਾਲ ਲਿਆਂਦਾ ਗਿਆ, ਉਥੋਂ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਹ ਘਟਨਾ ਸਮਾਲਖਾ ਤੋਂ ਨਰੂਆਣਾ ਨੂੰ ਜਾਂਦੇ ਰਸਤੇ ‘ਤੇ ਢੋਡਪੁਰ ਮੋੜ ਨੇੜੇ ਵਾਪਰੀ। ਬਦਮਾਸ਼ਾਂ ਨਾਲ ਮੁਕਾਬਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਮਾਲਖਾ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸ ਦੇ ਨਾਲ ਹੀ ਮੁਕਾਬਲੇ ਦੌਰਾਨ ਅਚਾਨਕ ਹੋਈ ਗੋਲ਼ੀਬਾਰੀ ਕਾਰਨ ਰਾਹਗੀਰਾਂ ‘ਚ ਡਰ ਦਾ ਮਾਹੌਲ ਬਣ ਗਿਆ। ਪੁਲਿਸ ਮੁਲਾਜ਼ਮਾਂ ਨੇ ਲੋਕਾਂ ਦੇ ਵਾਹਨਾਂ ਨੂੰ ਕੁਝ ਦੂਰੀ ’ਤੇ ਹੀ ਰੋਕ ਲਿਆ।