ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਹੈ ਤੇ ਕੇਂਦਰ ਸਰਕਾਰ ਵਲੋਂ ਸਾਰੇ ਨਾਗਰਿਕਾਂ ਨੂੰ ਘਰ ‘ਚ ਰਹਿਣ ਦੀ ਅਪੀਲ ਕਰ ਰਹੀ ਹੈ। ਲੋਕ ਹਸਪਤਾਲਾਂ ‘ਚ ਬੈੱਡ ਲਈ ਭਟਕ ਰਹੇ ਹਨ। ਦਿੱਲੀ ‘ਚ ਤਾਂ ਕਈ ਹਸਪਤਾਲਾਂ ‘ਚ ਆਕਸੀਜਨ ਖਤਮ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਦਿੱਲੀ ਸਰਕਾਰ ਨੇ ਇਸ ਨੂੰ ਦੇਖਦਿਆਂ 6 ਦਿਨ ਦਾ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ। ਦਿੱਲੀ ਪੁਲਿਸ ਵੀ ਲਗਾਤਾਰ ਆਕਸੀਜਨ ਸਪਲਾਈ ਕਰ ਰਹੀ ਹੈ। ਹੁਣ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਦਿੱਲੀ ਨੂੰ ਆਕਸੀਜਨ ਸਿਲੰਡਰ ਦੇਣ ਲਈ ਕਿਹਾ ਹੈ ਇਸ ‘ਤੇ ਉਸ ਨੂੰ ਟਰੋਲ ਵੀ ਕੀਤਾ ਗਿਆ ਤੇ ਹੁਣ ਅਦਾਕਾਰਾ ਨੇ ਜਵਾਬ ਦਿੱਤਾ ਹੈ।
ਦਿੱਲੀ ਦੇ ਸ਼ਾਂਤੀ ਮੁਕੰਦ ਹਸਪਤਾਲ ਨੇ ਸੀ.ਈ.ਓ. ਨੇ ਹਸਪਤਾਲ ‘ਚ ਦੋ ਘੰਟੇ ਦੀ ਆਕਸੀਜਨ ਹੋਣ ਦੀ ਗੱਲ ਆਖੀ ਸੀ। ਇਸ ‘ਤੇ ਅਦਾਕਾਰਾ ਨੇ ਲਿਖਿਆ ਕਿ “ਇਹ ਦਿਲ ਦਹਿਲਾ ਦੇਣ ਵਾਲੀ ਗੱਲ ਹੈ। ਹਰ ਜਗ੍ਹਾ ਆਕਸੀਜਨ ਦੀ ਕਮੀ ਹੈ। ਮੈਂ ਇਸ ਹਸਪਤਾਲ ਦੇ ਲਈ ਕੁਝ ਆਕਸੀਜਨ ਸਿਲੰਡਰ ਦਾ ਪ੍ਰਬੰਧ ਕੀਤਾ ਹੈ ਪਰ ਉਨ੍ਹਾਂ ਨੂੰ ਮੁੰਬਈ ਤੋਂ ਦਿੱਲੀ ਭੇਜਣ ਦਾ ਕੋਈ ਸਾਧਨ ਨਹੀਂ ਹੈ, ਕ੍ਰਿਪਾ ਕਰਕੇ ਮੇਰੀ ਇਸ ’ਚ ਮਦਦ ਕਰੋ’।
ਬਾਅਦ ਵਿੱਚ ਅਦਾਕਾਰਾ ਨੇ ਦੱਸਿਆ ਕਿ ਦਿੱਲੀ ਦੇ ਹਸਪਤਾਲ ਨੂੰ ਆਕਸੀਜਨ ਮਿਲ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕਰ ਲਿਆ ਹੈ। ਸੁਸ਼ਮਿਤਾ ਨੇ ਲਿਖਿਆ ਕਿ ਫਿਲਹਾਲ ਹਸਪਤਾਲ ਨੂੰ ਆਕਸੀਜਨ ਮਿਲ ਗਈ ਹੈ ਇਸ ਨਾਲ ਸਾਨੂੰ ਆਕਸੀਜਨ ਭੇਜਣ ਲਈ ਹੋਰ ਸਮਾਂ ਮਿਲ ਗਿਆ। ਜਾਗਰੂਕਤਾ ਅਤੇ ਸਮਰਥਨ ਲਈ ਤੁਹਾਡਾ ਸਭ ਦਾ ਧੰਨਵਾਦ।