ਅੰਮ੍ਰਿਤਸਰ (ਬਿਊਰੋ)- ਬੀ.ਜੇ.ਪੀ. ਦੇ ਨੈਸ਼ਨਲ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਗਿਆ ਕਿ ਪੰਜਾਬ ਵਾਸੀਆਂ ਨੂੰ ਨਵੀਂ ਸਿੱਟ ਨਹੀਂ ਸਗੋਂ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਅਦਬੀ ਨਾਲ ਜੁੜੀਆਂ ਹੋਰ ਘਟਨਾਵਾਂ ਨਾਲ ਸਬੰਧਿਤ ਦੋਸ਼ੀਆਂ ਨੂੰ ਸਜ਼ਾ ਮਿਲੇ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਮੇਸ਼ਾ ਹੀ ਆਪਣੇ ਕਾਰਜ ਕਾਲ ਦੇ ਸਮੇਂ ਵਿਚ ਇਨ੍ਹਾਂ ਘਟਨਾਵਾਂ ‘ਤੇ ਇਨਸਾਫ ਦਿਵਾਉਣ ਦੀ ਬਜਾਏ ਮਾਮਲੇ ਨੂੰ ਅੱਗੇ ਤੋਂ ਅੱਗੇ ਪਾ ਰਹੀ ਹੈ। ਲਗਾਤਾਰ ਨਵੀਆਂ ਸਿੱਟਾਂ ਬਣਾਈਆਂ ਜਾ ਰਹੀਆਂ ਹਨ। ਹੁਣ ਤਾਂ 6 ਸਾਲ ਬੀਤ ਚੁੱਕੇ ਹਨ ਤੇ ਦੋਸ਼ੀ ਅਜੇ ਵੀ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਕਿਹੜੇ ਲੋਕ ਇਸ ਵਿਚ ਸ਼ਾਮਲ ਸਨ ਅਤੇ ਕਿਹੜੇ ਲੋਕਾਂ ਨੇ ਇਹ ਕਾਰਵਾਈ ਕਰਵਾਈ ਹੈ। ਪੰਜਾਬ ਵਾਸੀਆਂ ਨੂੰ ਇਸ ਦਾ ਜਵਾਬ ਚਾਹੀਦਾ ਹੈ।
ਸੱਤਾ ਸੰਭਾਲਣ ਦੌਰਾਨ ਤੁਸੀਂ ਪੰਜਾਬ ਦੀ ਜਨਤਾ ਨੂੰ ਵਾਅਦਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਇਨਸਾਫ ਦਿਵਾਇਆ ਜਾਵੇਗਾ ਅਤੇ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤਰੁਣ ਚੁੱਘ ਨੇ ਕਿਹਾ ਕਿ ਬਾਵਜੂਦ ਇਸ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਪਰ ਨਵੀਂ ਤੋਂ ਨਵੀਂ ਸਿੱਟ ਜ਼ਰੂਰ ਮਿਲੀ। ਨਵੀਂ ਬਣੀ ਕਮੇਟੀ ਵੀ ਉਸੇ ਤਰ੍ਹਾਂ ਫੇਲ ਹੋਵੇਗੀ ਜਿਸ ਤਰ੍ਹਾਂ ਪਹਿਲੀਆਂ ਸਿੱਟਾਂ ਫੇਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਸਿੱਟ ਨਹੀਂ ਚਾਹੀਦੀ ਉਹ ਤਾਂ ਇਨਸਾਫ ਦੀ ਮੰਗ ਕਰਦੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਦਿਓ ਕੈਪਟਨ ਸਾਬ੍ਹ।
ਤੁਹਾਨੂੰ ਦੱਸ ਦਈਏ ਕਿ ਬੀਤੇ ਕਲ੍ਹ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸੂਬਾ ਸਰਕਾਰ ਨੇ ਕੋਟਕਪੂਰਾ ਫਾਇਰਿੰਗ ਮਾਮਲੇ ਵਿਚ ਸ਼ੁੱਕਰਵਾਰ ਨੂੰ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟੀਮ ਨੂੰ 6 ਮਹੀਨੇ ਵਿਚ ਜਾਂਚ ਮੁਕੰਮਲ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਨਵੀਂ ਐੱਸ.ਆਈ.ਟੀ. ਵਿਚ ਵਿਜੀਲੈਂਸ ਬਿਊਰੋ ਦੇ ਏ.ਡੀ.ਜੀ.ਪੀ. ਐੱਲ. ਕੇ. ਯਾਦਵ ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਫਰੀਦਕੋਟ ਦੇ ਡੀ.ਆਈ.ਜੀ. ਰੇਂਜ ਸੁਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।