ਪੰਜਾਬ ਵਿਚ ਫਤਹਿਗੜ੍ਹ ਸਾਹਿਬ ਦੇ ਨਿਊ ਸਰਹੰਦ ਨੇੜੇ ਤੜਕਸਾਰ ਵੱਡਾ ਤੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ। ਦੋ ਰੇਲ ਗੱਡੀਆਂ ਦੀ ਸਿੱਧੀ ਤੇ ਭਿਆਨਕ ਟੱਕਰ ਹੋ ਗਈ। ਰੇਲ ਗੱਡੀਆਂ ਦੀਆਂ ਸਾਰੀਆਂ ਬੋਗੀਆਂ ਪਲਟ ਗਈਆਂ ਤੇ ਲੀਹੋਂ ਲੱਥ ਗਈਆਂ। ਇਸ ਭਿਆਨਕ ਘਟਨਾ ਵਿਚ ਦੋਵੇਂ ਡਰਾਈਵਰ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀਐਫਸੀਸੀ ਟਰੈਕ ਦੇ ਨਿਊ ਸਰਹਿੰਦ ਸਟੇਸ਼ਨ ਨੇੜੇ ਵਾਪਰਿਆ। ਇਥੇ ਪਹਿਲਾਂ ਹੀ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜ੍ਹੀਆਂ ਸਨ। ਅੱਜ ਸਵੇਰੇ ਇਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਗਿਆ। ਮਾਲ ਗੱਡੀ ਦਾ ਇੰਜਣ ਦੂਜੀ ਰੇਲ ਦੀਆਂ ਬੋਗੀਆਂ ‘ਤੇ ਚੜ੍ਹ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿਚ ਫਸ ਗਿਆ। ਟੱਕਰ ਮਗਰੋਂ ਮਾਲ ਗੱਡੀਆਂ ਇਕ ਪਟੜੀ ਤੋਂ ਦੂਜੀ ਤੇ ਫਿਰ ਤੀਜੀ ਪਟੜੀ ਤੱਕ ਪਹੁੰਚ ਗਈਆਂ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਸਾਰੇ ਡੱਬੇ ਪੱਟੜੀ ਤੋਂ ਉੱਤਰ ਗਏ ਇਕ-ਦੂਜੇ ‘ਤੇ ਚੜ੍ਹ ਗਏ। ਇਸ ਹਾਦਸੇ ਵਿਚ ਤਿੰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਗੱਡੀਆਂ ਦੇ ਕੱਚ ਟੁੱਟ ਗਏ ਅਤੇ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟਾਇਰ ਵੀ ਵੱਖ ਹੋ ਗਏ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 4 ਵਜੇ ਤੇ ਕਰੀਬ ਵਾਪਰਿਆ।
ਦੋ ਗੱਡੀਆਂ ਦੇ ਡਰਾਈਵਰ ਹੋਏ ਜ਼ਖਮੀ
ਹਾਦਸੇ ਵਿਚ ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਵਿਕਾਸ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਹਿਮਾਂਸ਼ੂ ਦੀ ਪਿੱਠ ‘ਤੇ ਸੱਟ ਲੱਗੀ ਹੈ।
ਉਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿਤਾ ਗਿਆ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।