ਭੂ-ਮਾਫ਼ੀਆ ਨੂੰ ਲੀਜ਼ ‘ਤੇ ਦਿਤਾ ਪੰਜਾਬ ਵਕਫ਼ ਬੋਰਡ ਨੇ 1947 ਦਾ ਕਬਰਸਤਾਨ, ਜਾਣੋ ਪੂਰਾ ਮਾਮਲਾ

ਮਾਲੇਰਕੋਟਲਾ : ਪੰਜਾਬ ਵਿਚ ਇਕ ਹੋਰ ਕਬਰਸਤਾਨ ਪੰਜਾਬ ਵਕਫ਼ ਬੋਰਡ ਦੀ ਭੂ-ਮਾਫ਼ੀਆ ਨਾਲ ਮਿਲੀ-ਭੁਗਤ ਦਾ ਸ਼ਿਕਾਰ ਹੋਣ ਜਾ ਰਿਹਾ ਹੈ। ਇਹ ਕਬਰਸਤਾਨ ਮੋਹਾਲੀ ਦੇ 109…

ਮਾਲੇਰਕੋਟਲਾ : ਪੰਜਾਬ ਵਿਚ ਇਕ ਹੋਰ ਕਬਰਸਤਾਨ ਪੰਜਾਬ ਵਕਫ਼ ਬੋਰਡ ਦੀ ਭੂ-ਮਾਫ਼ੀਆ ਨਾਲ ਮਿਲੀ-ਭੁਗਤ ਦਾ ਸ਼ਿਕਾਰ ਹੋਣ ਜਾ ਰਿਹਾ ਹੈ। ਇਹ ਕਬਰਸਤਾਨ ਮੋਹਾਲੀ ਦੇ 109 ਸੈਕਟਰ ਵਿਚ ਪੈਂਦੇ ਪਿੰਡ ਭਾਗੋਮਾਜਰਾ ਵਿਚ 1947 ਦਾ ਬਣਿਆ ਹੋਇਆ ਹੈ। ਇਸ ਕਬਰਸਤਾਨ ਦੇ ਅਗਲੇ ਪਾਸੇ ਆਇਸ਼ਾ ਨਾਮ ਦੀ ਇਕ ਮਸਜਿਦ ਬਣੀ ਹੋਈ ਹੈ। 2016 ਵਿਚ ਮਸਜਿਦ ਨੂੰ ਜ਼ਮੀਨ ਵੀ ਇਸੇ ਕਬਰਸਤਾਨ ਵਿਚੋਂ ਅਲਾਟ ਕੀਤੀ ਗਈ ਸੀ। ਹੁਣ ਪੰਜਾਬ ਵਕਫ਼ ਬੋਰਡ ਵਲੋਂ ਇਸ ਕਬਰਸਤਾਨ ਦੀ ਬਾਕੀ ਬਚਦੀ ਜਗ੍ਹਾ ਪੰਜਾਬ ਦੇ ਇਕ ਬਿਲਡਰ ਨੂੰ ਲੀਜ਼ ‘ਤੇ ਦਿਤੇ ਜਾਣ ਦੀ ਸੂਚਨਾ ਹੈ। ਬਿਲਡਰ ਕਬਰਸਤਾਨ ਨੂੰ ਸ਼ਾਪਿੰਗ ਕੰਪਲੈਕਸ ਜਾਂ ਸ਼ੋਅ-ਰੂਮਾਂ ਵਿਚ ਤਬਦੀਲ ਕਰਨ ਦੀ ਇੱਛਾ ਰੱਖਦਾ ਹੈ। ਇਹ 3 ਕਨਾਲ 7 ਮਰਲੇ ਜਗ੍ਹਾ 1947 ਤੋਂ ਪਹਿਲਾਂ ਤੋਂ ਹੀ ਕਬਰਸਤਾਨ ਚੱਲੀ ਆ ਰਹੀ ਹੈ। ਇਸ ਵਿਚੋਂ 500 ਗਜ਼ ਜ਼ਮੀਨ ਵਕਫ਼ ਬੋਰਡ ਨੇ 2016 ਵਿਚ ਮਸਜਿਦ ਨੂੰ ਅਲਾਟ ਕਰ ਦਿਤੀ ਸੀ ਜਿਥੇ ਪਹਿਲਾਂ ਕੱਚੀ ਅਤੇ 2022 ਤੋਂ ਪੱਕੀ ਮਸਜਿਦ ਆਬਾਦ ਹੈ। ਹਰ ਜੁੰਮੇ ਨੂੰ ਇਥੇ 500 ਤੋਂ ਜ਼ਿਆਦਾ ਮੁਸਲਿਮ ਨਮਾਜ਼ ਅਦਾ ਕਰਨ ਲਈ ਆਉਂਦੇ ਹਨ। ਇਕੱਲੇ ਭਾਗੋਮਾਜਰਾ ਪਿੰਡ ਵਿਚ ਹੀ 30-40 ਮੁਸਲਿਮ ਪਰਵਾਰ ਰਹਿ ਰਹੇ ਹਨ।

ਸ਼ੋ੍ਮਣੀ ਅਕਾਲੀ ਦਲ ਦੀ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਦੇ ਸੋਸ਼ਲ ਮੀਡੀਆ ਖਾਤੇ ਤੋਂ ਮਿਲੀ ਸੂਚਨਾ ਮੁਤਾਬਕ ਇਹ ਜ਼ਮੀਨ ਮਾਸਟਰ ਪਲਾਨ ਮੁਤਾਬਕ ਲਾਂਡਰਾਂ-ਬਨੂੜ ਮੁੱਖ ਮਾਰਗ ਉਪਰ ਪੈਂਦੀ ਹੈ ਜਿਸ ਦੀ ਕੀਮਤ ਕਰੋੜਾਂ ਵਿਚ ਹੈ। ਭੂ-ਮਾਫ਼ੀਆ ਦੀ ਇਸ ਕਬਰਸਤਾਨ ਉਪਰ ਲੰਮੇ ਸਮੇਂ ਤੋਂ ਅੱਖ ਸੀ। ਭੂ-ਮਾਫ਼ੀਆ ਨੇ ਪਹਿਲਾਂ ਵੀ ਇਸ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬੀ ਨਾ ਮਿਲ ਸਕੀ। ਮਾਲ ਵਿਭਾਗ ਦੇ ਲੱਠੇ ਮੁਤਾਬਕ ਮਸਜਿਦ ਦੇ ਬਿਲਕੁਲ ਅੱਗੇ ਪੰਚਾਇਤੀ ਜ਼ਮੀਨ ਦੀ ਹੱਡਾਰੋੜੀ ਹੈ ਜਿਹੜੀ ਮਾਸਟਰ ਪਲਾਨ ਵਿਚ ਖ਼ਤਮ ਹੋ ਰਹੀ ਹੈ ਅਤੇ ਮਸਜਿਦ ਤੇ ਨਾਲ ਲਗਦੀ ਜ਼ਮੀਨ ਬਿਲਕੁਲ ਰੋਡ ਉਪਰ ਆ ਜਾਵੇਗੀ। ਬੋਰਡ ਨੇ ਜਿਸ ਬਿਲਡਰ ਨੂੰ ਇਹ ਕਬਰਸਤਾਨ ਲੀਜ਼ ਉਪਰ ਦਿਤਾ ਹੈ, ਉਸ ਦੀ ਟੀਮ ਕੱਲ ਕਬਜ਼ਾ ਕਰਨ ਲਈ ਪੁੱਜੀ ਅਤੇ ਖ਼ੂਬ ਹੰਗਾਮਾ ਕੀਤਾ। ਮੌਕੇ ‘ਤੇ ਆਸੇ-ਪਾਸੇ ਦੇ ਮੁਸਲਿਮ ਇਕੱਠੇ ਹੋ ਗਏ ਅਤੇ ਵਿਰੋਧ ਕਾਰਨ ਕਬਜ਼ਾ ਵਿਚਾਲੇ ਛੱਡ ਕੇ ਭੱਜਣਾ ਪਿਆ। ਮਸਜਿਦ ਕਮੇਟੀ ਨੂੰ ਬੋਰਡ ਦੇ ਅਧਿਕਾਰੀ ਅਪੀਲਾਂ ਕਰ ਰਹੇ ਹਨ ਕਿ ਉਹ ਇਸ ਕਬਰਸਤਾਨ ਨੂੰ ਛੱਡ ਦੇਣ, ਬਦਲੇ ਵਿਚ ਕਿਸੇ ਹੋਰ ਪਾਸੇ ਕਬਰਸਤਾਨ ਲਈ ਜ਼ਮੀਨ ਦੇ ਦਿਤੀ ਜਾਵੇਗੀ ਪਰ ਪਿੰਡ ਵਾਸੀ ਦਾਅਵਾ ਕਰ ਰਹੇ ਹਨ ਕਿ ਨੇੜੇ-ਤੇੜੇ ਬੋਰਡ ਦੀ ਹੋਰ ਕੋਈ ਜ਼ਮੀਨ ਨਹੀਂ ਹੈ। ਜੇ ਕਿਤੇ ਦੂਰ ਜ਼ਮੀਨ ਦੇ ਵੀ ਦਿਤੀ ਗਈ ਤਾਂ ਉਥੇ ਜਨਾਜ਼ਾ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੋਵੇਗਾ। ਹਾਲਾਂਕਿ ਪਿੰਡ ਵਾਸੀਆਂ ਨੇ ਕਬਰਸਤਾਨ ਨੂੰ ਖ਼ੁਦ ਵੀ ਲੀਜ਼ ਉਪਰ ਲੈਣ ਦੀ ਪੇਸ਼ਕਸ਼ ਕੀਤੀ ਹੈ ਪਰ ਵਕਫ਼ ਬੋਰਡ ਉਨ੍ਹਾਂ ਨੂੰ ਇਹ ਜ਼ਮੀਨ ਦੇਣ ਨੂੰ ਤਿਆਰ ਨਹੀਂ।

ਬੋਰਡ ਉਪਰ ਪ੍ਰਵਾਸੀਆਂ ਦਾ ਕਬਜ਼ਾ, ਇਸੇ ਲਈ ਅਜਿਹਾ ਹੋ ਰਿਹੈ : ਜ਼ਾਹਿਦਾ ਸੁਲੇਮਾਨ

 ਬੀਬਾ ਜ਼ਾਹਿਦਾ ਸੁਲੇਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਮਸਜਿਦ ਕਮੇਟੀ ਦੇ ਕੁੱਝ ਮੈਂਬਰ ਇਸ ਘਟਨਾ ਦੀ ਜਾਣਕਾਰੀ ਦੇਣ ਅਤੇ ਮਦਦ ਦੀ ਅਪੀਲ ਕਰਨ ਆਏ ਸਨ। ਇਸੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟ-ਫ਼ਾਰਮ ‘ਤੇ ਇਸ ਬਾਰੇ ਤਸਵੀਰਾਂ ਤੇ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਸੂਚਨਾ ਸਾਂਝੀ ਕੀਤੀ ਹੈ। ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪੰਜਾਬ ਵਕਫ਼ ਬੋਰਡ ਉਪਰ ਪ੍ਰਵਾਸੀਆਂ ਦਾ ਕਬਜ਼ਾ ਰਿਹਾ ਹੈ, ਪ੍ਰਵਾਸੀ ਹੁਕਮਰਾਨਾਂ ਨੂੰ ਪੰਜਾਬੀ ਮੁਸਲਮਾਨਾਂ ਨਾਲ ਕੋਈ ਜ਼ਿਆਦਾ ਹਮਦਰਦੀ ਨਹੀਂ, ਇਸੇ ਲਈ ਉਹ ਜਿਵੇਂ ਚਾਹੁੰਦੇ ਹਨ, ਵਕਫ਼ ਜ਼ਮੀਨਾਂ ਦੀ ਕਾਣੀ ਵੰਡ ਕਰਦੇ ਆ ਰਹੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ, ਬੋਰਡ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਉਪਰ ਢਾਬੇ ਤੇ ਹੋਟਲ ਬਣੇ ਹੋਏ ਹਨ ਪਰ ਬੋਰਡ ਦੇ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ। ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਖਰੜ ਦੇ ਅਮਨ ਸਿਟੀ ਵਿਚ ਵੀ ਇਕ ਬਿਲਡਰ ਨੇ ਵਕਫ਼ ਬੋਰਡ ਦੀ ਜ਼ਮੀਨ ਲੀਜ਼ ਉਪਰ ਲੈ ਕੇ ਸ਼ੋਅ-ਰੂਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਉਸ ਬਿਲਡਰ ਨੂੰ ਰੋਕ ਦਿਤਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਾਲਾਤ ਹੋਰ ਵੀ ਖ਼ਰਾਬ ਹੋਏ ਹਨ। ਵਕਫ਼ ਜਾਇਦਾਦਾਂ ਦੀ ਰਖਵਾਲੀ ਚੌਕਸੀ ਨਾਲ ਨਹੀਂ ਕੀਤੀ ਜਾ ਰਹੀ। 

Leave a Reply

Your email address will not be published. Required fields are marked *