ਰਾਕਵਿਲੇ (ਇੰਟ.)- ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਵਿਚ ਮਾਸਕ ਅਤੇ ਸੈਨੇਟਾਈਜ਼ਰ ਸੋਸ਼ਲ ਡਿਸਟੈਂਸਿੰਗ ਦਾ ਚਲਨ ਚੱਲ ਰਿਹਾ ਹੈ। ਹੱਥ ਸਾਫ ਕਰਨਾ ਵੈਸੇ ਤਾਂ ਬਹੁਤ ਚੰਗੀ ਗੱਲ ਹੈ ਪਰ ਸੈਨੇਟਾਈਜ਼ਰ ਦੀ ਵਰਤੋਂ ਕਰਨ ਨਾਲ ਅਜਿਹਾ ਹਾਦਸਾ ਹੋ ਸਕਦਾ ਹੈ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦਰਅਸਲ ਸੈਨੇਟਾਈਜ਼ਰ ਦੀ ਵਰਤੋਂ ਕਰਨ ਨਾਲ ਕਾਰ ਵਿਚ ਬੈਠੇ ਵਿਅਕਤੀ ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਕਈ ਲੋਕਾਂ ਵਲੋਂ ਵੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਵੀਡੀਓ ਵਿਚ ਇਕ ਕਾਰ ਨਜ਼ਰ ਆ ਰਹੀ ਹੈ, ਜੋ ਕਿ ਪਾਰਕਿੰਗ ਵਿਚ ਖੜੀ ਹੈ ਅਤੇ ਉਸ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਵੀ ਇੰਨੀ ਭਿਆਨਕ ਕਿ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅੱਗ ਕਾਰਣ ਪੂਰੀ ਕਾਰ ਲਪੇਟ ਵਿਚ ਆ ਜਾਂਦੀ ਹੈ।
ਦਰਅਸਲ ਕਾਰ ਵਿਚ ਬੈਠੇ ਨੌਜਵਾਨ ਨੇ ਸਿਗਰੇਟ ਪੀਂਦੇ ਹੋਏ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਸੀ। ਇਸ ਕਾਰਣ ਕਾਰ ਵਿਚ ਅੱਗ ਲੱਗ ਗਈ ਅਤੇ ਪੂਰੀ ਕਾਰ ਸੜ ਕੇ ਸਵਾਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਮਰੀਕਾ ਦੇ ਰਾਕਵਿਲੇ ਦੀ ਹੈ। ਟੀ.ਵੀ. ਚੈਨਲ ਵੂਸਾ ਮੁਤਾਬਕ ਜਦੋਂ ਕਾਰ ਦਾ ਡਰਾਈਵਰ ਸਿਗਰੇਟ ਪੀਂਦੇ ਹੋਏ ਸੈਨੇਟਾਈਜ਼ਰ ਦੀ ਵਰਤੋਂ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ ਦੇ ਮੂੰਹ ਵਿਚ ਲੱਗੀ ਸਿਗਰੇਟ ਵਿਚੋਂ ਚੰਗਿਆੜੀ ਸੈਨੇਟਾਈਜ਼ਰ ਵਿਚ ਡਿੱਗੀ ਅਤੇ ਇਸ ਨਾਲ ਅੱਗ ਲੱਗ ਗਈ।
ਘਟਨਾ ਤੋਂ ਬਾਅਦ ਕਾਰ ਚਾਲਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਉਹ ਬੁਰੀ ਤਰ੍ਹਾਂ ਅੱਗ ਵਿਚ ਝੁਲਸ ਗਿਆ ਹੈ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਜਾਂਦੀ ਹੈ ਅਤੇ ਮੁਲਾਜ਼ਮ ਤੁਰੰਤ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜਦੋਂ ਤੱਕ ਅੱਗ ਬੁਝਾਈ ਜਾਂਦੀ ਹੈ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਗਈ ਸੀ। ਇਸ ਘਟਨਾ ਦੀ ਵੀਡੀਓ ਫਾਇਰ ਫਾਈਟਰ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜੋ ਤੇਜ਼ੀ ਨਾਲ ਵਾਇਰਲ ਹੋ ਗਈ।