ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਸਲਾਹਕਾਰ ਵਿਜੇ ਰਾਘਵਨ ਨੇ ਕਿਹਾ ਕਿ ਜੇਕਰ ਸਾਵਧਾਨੀ ਵਰਤੀ ਜਾਵੇ ਤਾਂ ਅਸੀਂ ਮਹਾਮਾਰੀ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਆਉਣ ਤੋਂ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਥੋੜ੍ਹੀ ਸਾਵਧਾਨੀ ਵਰਤੀ ਜਾਵੇ ਅਤੇ ਗਾਈਡਲਾਈਨਜ਼ ਨੂੰ ਫਾਲੋ ਕੀਤਾ ਜਾਵੇ ਤਾਂ ਸ਼ਾਇਦ ਕੁਝ ਹੀ ਥਾਵਾਂ ‘ਤੇ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਜਾਂ ਫਿਰ ਕਿਤੇ ਵੀ ਨਹੀਂ ਆਵੇਗੀ। ਹਾਲਾਂਕਿ ਦੋ ਦਿਨ ਪਹਿਲਾਂ ਰਾਘਵਨ ਨੇ ਕਿਹਾ ਸੀ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਵਾਇਰਸ ਰੂਪ ਬਦਲਦਾ ਹੈ।
ਰਾਘਵਨ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆਵੇਗੀ ਜਾਂ ਨਹੀਂ ਇਹ ਇਸ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸਭ ਕਿਸ ਤਰ੍ਹਾਂ ਗਾਈਡਲਾਈਨਜ਼ ਦਾ ਪਾਲਨ ਕਰਦੇ ਹਾਂ। ਲੋਕਲ ਪੱਧਰੀ ਜਾਂ ਸੂਬਾ ਪੱਧਰੀ ਜਾਂ ਫਿਰ ਹਰ ਪਾਸੇ ਸਾਵਧਾਨੀ ਵਰਤੀਏ ਅਤੇ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਵੇ ਤਾਂ ਕੋਰੋਨਾ ਦੀ ਤੀਜੀ ਲਹਿਰ ਨੂੰ ਆਉਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੁਣਨ ਅਤੇ ਬੋਲਣ ਵਿਚ ਮੁਸ਼ਕਲ ਲੱਗਦਾ ਹੈ ਪਰ ਇਹ ਮੁਮਕਿਨ ਹੈ। ਉਨ੍ਹਾਂ ਨੇ ਕਿਹਾ ਕਿ ਸਾਵਧਾਨੀ ਵਰਤਣ ਨੂੰ ਲੈ ਕੇ, ਸਰਵੀਲਾਂਸ ਨੂੰ ਲੈ ਕੇ ਕੰਟੇਨਮੈਂਟ, ਟੈਸਟਿੰਗ ਅਤੇ ਟ੍ਰੀਟਮੈਂਟ ਨੂੰ ਲੈ ਕੇ ਗਾਈਡਲਾਈਨਜ਼ ਦੀ ਪਾਲਣਾ ਕਰਨ ਨਾਲ ਕੋਰੋਨਾ ਨੂੰ ਰੋਕਣਾ ਕੋਈ ਬਹੁਤਾ ਔਖਾ ਨਹੀਂ ਹੈ।
ਰਾਘਵਨ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਅਤੇ ਭਾਰਤ ਵਿਚ ਵੱਖ-ਵੱਖ ਥਾਈਂ ਵੱਖ-ਵੱਖ ਸਮੇਂ ‘ਤੇ ਪੀਕ ਆਇਆ ਹੈ ਅਤੇ ਇਹ ਸਮਝਣਾ ਲਾਜ਼ਮੀ ਹੈ ਕਿ ਕਦੋਂ ਅਤੇ ਕਿਉਂ ਇਨਫੈਕਸ਼ਨ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨਫੈਕਸ਼ਨ ਉਦੋਂ ਵੱਧਦਾ ਹੈ ਜਦੋਂ ਕੋਰੋਨਾ ਵਾਇਰਸ ਨੂੰ ਮੌਕਾ ਮਿਲਦਾ ਹੈ। ਜੇਕਰ ਉਸ ਨੂੰ ਮੌਕਾ ਹੀ ਨਾ ਦਿੱਤਾ ਜਾਵੇ ਤਾਂ ਉਹ ਇਨਫੈਕਸ਼ਨ ਵੀ ਨਹੀਂ ਫੈਲਾ ਸਕਦਾ।
ਉਨ੍ਹਾਂ ਕਿਹਾ ਕਿ ਜਿਹੜੇ-ਜਿਹੜੇ ਲੋਕਾਂ ਨੇ ਵੈਕਸੀਨ ਲਗਵਾਈ ਹੈ, ਮਾਸਕ ਪਹਿਨਦੇ ਹਨ, ਸਾਵਧਾਨੀ ਵਰਤਦੇ ਹਨ ਉਹ ਸੁਰੱਖਿਅਤ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਵਾਇਰਸ ਨੂੰ ਨਵਾਂ ਮੌਕਾ ਮਿਲਿਆ ਤਾਂ ਉਹ ਫਿਰ ਸਾਡੇ ‘ਤੇ ਹਾਵੀ ਹੋ ਸਕਦਾ ਹੈ ਅਤੇ ਮੁੜ ਤੋਂ ਹਮਲਾ ਕਰ ਸਕਦਾ ਹੈ। ਅਜਿਹੇ ਵੀ ਲੋਕ ਹੋ ਸਕਦੇ ਹਨ ਜੋ ਪਹਿਲਾਂ ਸਾਵਧਾਨੀ ਵਰਤਦੇ ਸਨ ਪਰ ਹੁਣ ਲਾਪਰਵਾਹ ਹੋ ਗਏ ਹੋਣ। ਇਸ ਤਰ੍ਹਾਂ ਦੇ ਮੌਕਿਆਂ ‘ਤੇ ਕੇਸ ਵੱਧਣ ਦੇ ਕਾਫੀ ਜ਼ਿਆਦਾ ਚਾਂਸ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਘੱਟ ਕਰਕੇ ਵੇਖਣਾ ਅਤੇ ਇਸ ਦੀ ਫ੍ਰੀਕੁਐਂਸੀ ਨੂੰ ਘੱਟ ਕਰਨਾ ਸਾਡੇ ਹੱਥ ਵਿਚ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਜੋ ਇਨਫੈਕਟਿਡ ਹਨ ਪਰ ਉਨ੍ਹਾਂ ਵਿਚ ਕੋਈ ਲੱਛਣ ਸਾਹਮਣੇ ਨਹੀਂ ਆਏ ਉਹ ਹੋਰਾਂ ਨੂੰ ਵੀ ਇਨਫੈਕਟਿਡ ਕਰ ਸਕਦੇ ਹਨ ਇਸ ਲਈ ਵਧੇਰੇ ਸਾਵਧਾਨੀ ਦੀ ਲੋੜ ਹੈ।