ਲੰਡਨ (ਇੰਟ.)-ਅੰਟਾਰਕਟਿਕਾ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਇਸਬਰਗ ਟੁੱਟਕੇ ਵੱਖ ਹੋ ਗਿਆ ਹੈ। ਇਸਦੀ ਲੰਬਾਈ ਦੀ ਜੇਕਰ ਗੱਲ ਕਰੀਏ ਤਾਂ ਇਹ ਤਕਰੀਬਨ 170 ਕਿਮੀ ਹੈ ਜਦੋਂਕਿ ਇਸ ਦੀ ਚੌੜਾਈ ਤਕਰੀਬਨ 25 ਕਿਮੀ ਹੈ। ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) ਮੁਤਾਬਕ ਇਹ ਘਟਨਾ ਅੰਟਾਰਕਟਿਕਾ ਦੇ ਵੇਡੇਲ ਸਾਗਰ ਵਿੱਚ ਰੋਨੇ ਆਈਸ ਸ਼ੈਲਫ ਦੇ ਪੱਛਮੀ ਹਿੱਸੇ ਵਿੱਚ ਵਾਪਰੀ ਹੈ। ਇਸ ਦਾ ਪਤਾ ਈ.ਐੱਸ.ਏ. ਨੇ ਕੌਪਰਨਿਕਸ ਸੈਂਟੀਨਲ ਸੈਟੇਲਾਈਟ ਰਾਹੀਂ ਲਗਾਇਆ ਗਿਆ ਹੈ। ਈ.ਐੱਸ.ਏ. ਮੁਤਾਬਕ ਹੁਣ ਇਹ ਆਈਸਬਰਗ ਦਾ ਟੁੱਟਿਆ ਹੋਇਆ ਵਿਸ਼ਾਲ ਬਰਫ ਦਾ ਪਹਾੜ ਉਥੋਂ ਹੌਲੀ-ਹੌਲੀ ਅੱਗੇ ਰੁੜ੍ਹ ਰਿਹਾ ਹੈ, ਜੋ ਵਿਗਿਆਨੀਆਂ ਲਈ ਕੌਤੂਹਲ ਦਾ ਕਾਰਨ ਬਣਿਆ ਹੋਇਆ ਹੈ। ਇਸ ਵਿਸ਼ਾਲ ਬਰਫੀਲੇ ਪਹਾੜ ਦਾ ਪੂਰਾ ਸਾਈਜ਼ ਤਕਰੀਬਨ 4 ਹਜ਼ਾਰ ਵਰਗ ਕਿਮੀ ਤੋਂ ਵੀ ਵੱਡਾ ਹੈ। ਵਿਗਿਆਨੀਆਂ ਨੇ ਇਸ ਨੂੰ ਏ-76 ਨਾਮ ਦਿੱਤਾ ਹੈ। ਇਸਦਾ ਸਾਈਜ਼ ਨਿਊਯਾਰਕ ਦੇ ਟਾਪੂ ਪੋਰਟੋ ਰਿਕੋ ਦਾ ਤਕਰੀਬਨ ਅੱਧਾ ਹੈ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਅੰਟਾਰਕਟਿਕਾ ਸਰਵੇ ਟੀਮ ਨੇ ਸਭ ਤੋਂ ਪਹਿਲਾਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਇਸ ਬਰਫੀਲੇ ਪਹਾੜ ਦੇ ਇਸ ਤਰ੍ਹਾਂ ਵੱਖ ਹੋਣ ਨਾਲ ਸਮੁੰਦਰੀ ਪਾਣੀ ਦੇ ਪੱਧਰ ਵਿੱਚ ਵਾਧਾ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਇਸਦੀ ਵਜ੍ਹਾ ਵਿਗਿਆਨੀ ਮੰਨਦੇ ਹਨ ਕਿ ਇਹ ਤੈਰਦੇ ਹੋਏ ਬਰਫ ਦੇ ਪਹਾੜ ਦਾ ਇੱਕ ਹਿੱਸਾ ਸੀ। ਇਹ ਠੀਕ ਉਂਜ ਹੀ ਹੈ ਜਿਵੇਂ ਕਿਸੇ ਬਰਫ ਦੇ ਗਿਲਾਸ ਵਿੱਚ ਖੁਰਣ ਨਾਲ ਉਸ ਵਿੱਚ ਮੌਜੂਦ ਪਾਣੀ ਦਾ ਪੱਧਰ ਨਹੀਂ ਵਧਦਾ। ਇਸ ਲਈ ਇਸਦੇ ਟੁੱਟ ਕੇ ਵੱਖ ਹੋਣ ਨਾਲ ਸਮੁੰਦਰੀ ਪਾਣੀ ਦਾ ਪੱਧਰ ਨਹੀਂ ਵਧੇਗਾ। ਹਾਲਾਂਕਿ ਵਿਗਿਆਨੀਆਂ ਨੇ ਗਰਮ ਹੁੰਦੇ ਅੰਟਾਰਕਟਿਕਾ ਨੂੰ ਲੈ ਕੇ ਚਿਤਾਵਨੀ ਜ਼ਰੂਰ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅੰਟਾਰਕਟਿਕਾ ਧਰਤੀ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਕਾਫ਼ੀ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਵਿਗਿਆਨੀਆਂ ਮੁਤਾਬਕ ਅੰਟਾਰਕਟੀਕਾ ਦੇ ਪਾਣੀ ਦਾ ਪੱਧਰ 1880 ਤੋਂ ਬਾਅਦ ਤਕਰੀਬਨ 10 ਇੰਚ ਤੱਕ ਵੱਧ ਚੁੱਕਿਆ ਹੈ।
ਤੁਹਾਨੂੰ ਦੱਸ ਦਈਏ ਕਿ ਪੰਜ ਮਹੀਨੇ ਪਹਿਲਾਂ ਵੀ ਅੰਟਾਰਕਟੀਕਾ ਤੋਂ ਇੱਕ ਵਿਸ਼ਾਲ ਬਰਫੀਲਾ ਪਹਾੜ ਟੁੱਟ ਕੇ ਵੱਖ ਹੋ ਗਿਆ ਸੀ। ਇਹ ਘਟਨਾ ਅੰਟਾਰਕਟੀਕਾ ਦੇ ਦੱਖਣ ਵਿੱਚ ਵਾਪਰੀ ਸੀ। ਵਿਗਿਆਨੀਆਂ ਨੇ ਇਸ ਨੂੰ ਏ-68-ਏ ਨਾਂ ਦਿੱਤਾ ਸੀ। ਇਸ ਆਇਸਬਰਗ ਦਾ ਖੇਤਰਫਲ ਤਕਰੀਬਨ 4 ਹਜ਼ਾਰ ਕਿਮੀ ਸੀ। ਵਿਗਿਆਨੀਆਂ ਮੁਤਾਬਕ ਇਹ ਬਰਫੀਲਾ ਪਹਾੜ ਹੌਲੀ-ਹੌਲੀ ਦੱਖਣੀ ਜਾਰਜੀਆ ਵੱਲ ਵੱਧ ਰਿਹਾ ਸੀ। ਇਸਦੀ ਜਾਂਚ ਲਈ ਵਿਗਿਆਨੀਆਂ ਦੀ ਇੱਕ ਟੀਮ ਵੀ ਉੱਥੇ ਭੇਜੀ ਗਈ ਸੀ। ਇਸ ਟੀਮ ਨੇ ਬਰਫੀਲੇ ਪਹਾੜ ਦੇ ਵੱਖ ਹੋਣ ਨਾਲ ਉਥੋਂ ਦੇ ਮਾਹੌਲ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਸੀ। ਵਿਗਿਆਨੀਆਂ ਦਾ ਕਹਿਣਾ ਸੀ ਕਿ ਇਸ ਨਾਲ ਸਮੁੰਦਰੀ ਜੀਵਾਂ ਨੂੰ ਖ਼ਤਰਾ ਹੋ ਸਕਦਾ ਹੈ ਨਾਲ ਹੀ ਸਮੁੰਦਰੀ ਪਾਣੀ ਦੇ ਪੱਧਰ ਵੀ ਵੱਧ ਸਕਦਾ ਹੈ। ਏ-68-ਏ ਬਰਫੀਲਾ ਪਹਾੜ ਅੰਟਾਰਕਟਿਕਾ ਦੇ ਲਾਰਸਨ ਸੀ ਨਾਮ ਦੀ ਚੱਟਾਨ ਤੋਂ ਟੁੱਟਿਆ ਸੀ, ਜਿਸ ਵੇਲੇ ਇਹ ਲਾਰਸਨ ਸੀ ਤੋਂ ਵੱਖ ਹੋਇਆ ਸੀ ਉਸ ਵੇਲੇ ਇਸਦਾ ਸਾਈਜ਼ ਤਕਰੀਬਨ 5,800 ਵਰਗ ਕਿਮੀ ਸੀ।