ਮੋਗਾ (ਇੰਟ.)- ਪੰਜਾਬ ਦੇ ਪਿੰਡ ਖੰਭੇ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰ ਆਪਸ ਵਿਚ ਭਿੜ ਗਏ। ਦੋਸ਼ ਹੈ ਕਿ ਪਹਿਲਾਂ ਕਾਂਗਰਸੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਰਕਰ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਪਾਰਟੀ ਦੀ ਮਹਿਲਾ ਵਿੰਗ ਜ਼ਿਲਾ ਪ੍ਰਧਾਨ ਮਨਦੀਪ ਕੌਰ ਨੇ ਵਿਰੋਧ ਕੀਤਾ ਤਾਂ ਕਾਂਗਰਸੀਆਂ ਨੇ ਉਨ੍ਹਾਂ ਦੇ ਘਰ ਬਾਹਰ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿਚ ਸ਼੍ਰੋਮਣੀ ਵਰਕਰਾਂ ਨੇ ਖੁਦ ਨੂੰ ਕਮਰੇ ਵਿਚ ਬੰਦ ਕਰ ਕੇ ਜਾਨ ਬਚਾਈ। ਸ਼ਨੀਵਾਰ ਨੂੰ ਵੀ ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨਾਲ ਪ੍ਰਦਰਸ਼ਨ ਕੀਤਾ।
ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਮਨਦੀਪ ਕੌਰ ਦਾ ਦੋਸ਼ ਹੈ ਕਿ ਕਾਂਗਰਸ ਦੇ ਇਕ ਸਰਪੰਚ ਅਤੇ ਚੇਅਰਮੈਨ ਨੇ ਅਕਾਲੀ ਵਰਕਰਾਂ ਨਾਲ ਕੁੱਟਮਾਰ ਕੀਤੀ। ਅਕਾਲੀ ਵਰਕਰ ਆਪਣੇ ਬਚਾਅ ਲਈ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਏ ਤਾਂ ਕਾਂਗਰਸ ਨੇਤਾਵਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਤਾਬੜਤੋੜ ਫਾਇਰਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਵਰਕਰਾਂ ਨੂੰ ਉਨ੍ਹਾਂ ਨੇ ਕਮਰੇ ਵਿਚ ਬੰਦ ਕਰ ਕੇ ਕਿਸੇ ਤਰ੍ਹਾਂ ਉਨ੍ਹਾਂ ਦੀ ਜਾਨ ਬਚਾਈ।
ਸ਼ਨੀਵਾਰ ਸਵੇਰੇ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਅਤੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਪੁਲਸ ਨੂੰ ਦਿੱਤੀ ਗਈ, ਪਰ ਰਾਜਨੀਤਕ ਦਬਾਅ ਵਿਚ ਪੂਰਾ ਦਿਨ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਵਿਰੋਧ ਵਿਚ ਪਾਰਟੀ ਵਰਕਰਾਂ ਨੇ ਪਿੰਡ ਵਿਚ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਪੁਲਸ ਨੇ ਜੇਕਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਅਕਾਲੀ ਨੇਤਾ ਕਾਂਗਰਸ ਸਰਕਾਰ ਅਤੇ ਪੁਲਸ ਵਿਰੁੱਧ ਵੱਡੇ ਪੱਧਰ ‘ਤੇ ਸੰਘਰਸ਼ ਕਰਨਗੇ।
ਅਕਾਲੀ ਦਲ ਦੇ ਸਰਕਲ ਪ੍ਰਧਾਨ ਭੋਲਾ ਸਿੰਘ ਨੇ ਦੱਸਿਆ ਕਿ ਕਾਂਗਰਸੀ ਨੇਤਾ ਪਹਿਲਾਂ ਵੀ ਪਿੰਡ ਵਿਚ ਗੁੰਡਾਗਰਦੀ ਕਰ ਚੁੱਕੇ ਹਨ। ਪਿੰਡ ਖੰਭੇ ਦੇ ਸਾਬਕਾ ਮੈਂਬਰ ਪੰਚਾਇਤ ਭਜਨ ਸਿੰਘ ਨੇ ਦੱਸਿਆ ਕਿ ਕਾਂਗਰਸੀ ਨੇਤਾ ਨੇ ਉਨ੍ਹਾਂ ਦੇ ਪਿੰਡ ਦੇ ਗੁਰਬਖਸ਼ ਸਿੰਘ ਨਾਲ ਕੁੱਟਮਾਰ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਦੇ ਨਾਲ ਵੀ ਗਾਲ੍ਹ ਮੰਦਾ ਕਰਨ ਲੱਗਾ। ਓਧਰ ਇਸ ਬਾਰੇ ਫਤਿਹਗੜ੍ਹ ਪੰਜਤੂਰ ਦੇ ਥਾਣਾ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।