ਪਟਿਆਲਾ (ਬਿਊਰੋ)- ਇਥੋਂ ਦੇ ਇਕ ਪਿੰਡ ਵਿਚ ਰੇਡ ਕਰਨ ਆਈ ਪੁਲਸ ‘ਤੇ ਪਿੰਡ ਵਾਸੀਆਂ ਨੇ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਨੇ ਕਿਹਾ ਕਿ ਪੁਲਸ ਫਾਇਰਿੰਗ ਵਿਚ ਇਕ ਨੌਜਵਾਨ ਵੀ ਜ਼ਖਮੀ ਹੋ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ ਪੁਲਸ ਰੇਡ ਲਈ ਆਈ ਤਾਂ ਉਸ ਦੌਰਾਨ ਕਈ ਔਰਤਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਇਸ ਕੁੱਟਮਾਰ ਵਿਚ ਪਿੰਡ ਦੀਆਂ ਕਈ ਔਰਤਾਂ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਈਆਂ। ਜਦੋਂ ਕਿ ਇਕ 18 ਸਾਲ ਦਾ ਲੜਕਾ ਜਿਸ ਦਾ ਨਾਂ ਗੋਪੀ ਦੱਸਿਆ ਜਾ ਰਿਹਾ ਹੈ ਉਸ ਦੇ ਪੱਟ ਵਿਚ ਗੋਲੀ ਲੱਗਣ ਕਾਰਣ ਉਹ ਜ਼ਖਮੀ ਹੋ ਗਿਆ। ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਘਰ ਵਿਚ ਸੋ ਰਿਹਾ ਸੀ ਤਾਂ ਉਸ ਨੂੰ ਲੜਾਈ ਦੀਆਂ ਆਵਾਜ਼ਾਂ ਆਈਆਂ ਜਦੋਂ ਉਹ ਦੇਖਣ ਲਈ ਬਾਹਰ ਆਇਆ ਤਾਂ ਉਨ੍ਹਾਂ ਨੇ ਫਾਇਰ ਦੀ ਆਵਾਜ਼ ਸੁਣੀ ਤਾਂ ਉਹ ਖੁਦ ਨੂੰ ਬਚਾਉਣ ਲਈ ਲੁਕ ਗਏ। ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਜੋ ਵੀ ਮਾਮਲਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਮੁਲਾਜ਼ਮ ਹਫਤਾ ਵਸੂਲੀ ਲਈ ਆਈ ਸੀ ਪਰ ਹਫਤਾ ਨਾ ਮਿਲਣ ‘ਤੇ ਪੁਲਸ ਨੇ ਰੇਡ ਮਾਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਪੁਲਸ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਬੀਤੀ ਰਾਤ ਪਿੰਡ ਜਗਤਪੁਰਾ ਵਿਚ ਰਹਿੰਦੇ ਹਰਭਜਨ ਸਿੰਘ ਦੇ ਘਰ ਰੇਡ ਕੀਤੀ ਸੀ ਤਾਂ ਅੱਗੋਂ ਹਰਭਜਨ ਸਿੰਘ, ਉਸ ਦੇ ਦੋਵੇਂ ਲੜਕੇ, ਕੁਝ ਔਰਤਾਂ ਅਤੇ ਹੋਰ ਸਾਥੀਆਂ ਨੇ ਸੀ.ਆਈ.ਏ. ਸਟਾਫ ਦੀ ਟੀਮ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਸਬੰਧੀ ਰਾਤ ਨੂੰ ਹੀ ਪੁਲਸ ਵਲੋਂ ਐੱਫ.ਆਈ.ਆਰ. ਥਾਣਾ ਸਨੌਰ ਵਿਖੇ ਦਰਜ ਕਰ ਲਈ ਗਈ ਸੀ।
ਅੱਜ ਫਿਰ ਸਵੇਰੇ ਸਾਢੇ 7 ਵਜੇ ਸੀ.ਆਈ.ਏ. ਦੀ ਪਾਰਟੀ ਰੇਡ ਕਰਨ ਆਈ ਤਾਂ ਹਰਭਜਨ ਸਿੰਘ ਹੁਰਾਂ ਵਿਚੋਂ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਗੱਡੀ ਵਿਚ ਬਿਠਾ ਲਿਆ, ਜਿਸ ਨੂੰ ਹਰਭਜਨ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨਾਲ ਕੁੱਟਮਾਰ ਕਰ ਕੇ ਉਸ ਵਿਅਕਤੀ ਨੂੰ ਛੁਡਵਾ ਲਿਆ। ਇਸ ਦੌਰਾਨ ਉਨ੍ਹਾਂ ਵਲੋਂ ਫਾਇਰ ਵੀ ਕੀਤਾ ਜੋ ਕਿ ਹਵਲਦਾਰ ਰਾਜਾ ਸਿੰਘ ਦੇ ਲੱਗਾ। ਉਸ ਤੋਂ ਬਾਅਦ ਸੀ.ਆਈ.ਏ. ਸਟਾਫ ਦੇ ਮੈਂਬਰਾਂ ਨੇ ਆਪਣੇ ਬਚਾਅ ਲਈ ਹਵਾਈ ਫਾਇਰ ਕੀਤੇ। ਜਿਸ ਮਗਰੋਂ ਹਰਭਜਨ ਸਿੰਘ ਤੇ ਉਸ ਦੇ ਸਾਥੀ ਉਥੋਂ ਨੱਸ ਗਏ। ਹੁਣ ਜ਼ਖਮੀ ਸੀ.ਆਈ.ਏ. ਸਟਾਫ ਦੇ ਮੈਂਬਰ ਹਸਪਤਾਲ ਦਾਖਲ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।