ਪੰਜਾਬ ਦੇ ਜਲੰਧਰ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਇਤਰਾਜ਼ਯੋਗ ਪੋਸਟਰ ਲਾ ਦਿੱਤੇ ਗਏ। ਨਾਲ ਹੀ ਪੋਸਟਰ ਉਤੇ ਲਿਖਿਆ ਹੈ ਕਿ ਸਾਵਧਾਨ, ਹੋਸ਼ਿਆਰ, ਬਚੋ ਬਚੋ ਬਚੋ, ਇਹ ਹਨ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ।
ਦੱਸਿਆ ਜਾ ਰਿਹਾ ਹੈ ਕਿ ਪੋਸਟਰ ਪਹਿਲਾਂ ਫਿਲੌਰ ਹਲਕੇ ਵਿਚ ਲਾਏ ਗਏ ਸਨ, ਫਿਰ ਉਤਾਰ ਲਏ ਗਏ।
ਦਰਅਸਲ, ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਅਤੇ ਸਾਬਕਾ ਸੀਐੇਮ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਵਿਚ ਚਲ ਰਿਹਾ ਵਿਵਾਦ ਭੱਖਿਆ ਹੋਇਆ ਹੈ। ਫਿਲੌਰ ਹਲਕੇ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੀਆਂ ਕੁਝ ਇਤਰਾਜ਼ਯੋਗ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਚੰਨੀ ਨੇ ਇਕ ਮਹਿਲਾ ਦੀ ਪਿੱਠ ਉਤੇ ਹੱਥ ਰੱਖਿਆ ਹੋਇਆ ਹੈ।
ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਚੰਨੀ ਦਾ ਪਿਛਲਾ ਦੁਰਵਿਹਾਰ ਫਿਰ ਤੋਂ ਚਰਚਾ ਵਿਚ ਆ ਗਿਆ। ਚੰਨੀ ਨੈਤਿਕ ਰੂਪ ਤੋਂ ਭ੍ਰਿਸ਼ਟ ਵਿਅਕਤੀ ਹਨ ਤੇ ਉਨ੍ਹਾਂ ਉਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਗਏ ਹਨ। ਉਕਤ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਤੇ ਲੋਕਾਂ ਪ੍ਰਤੀ ਕਿੰਨੇ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਚੰਨੀ ਪੱਖ ਜਿਥੇ ਜਲੰਧਰ ਸ਼ਹਿਰ ਵਿਚ ਚੰਨੀ ਲਹਿਰ ਦਾ ਸੁਪਨਾ ਦੇਖ ਰਹੇ ਹਨ, ਉਥੇ ਜਲੰਧਰ ਦੀਆਂ ਔਰਤਾਂ ਦਾ ਨਾਅਰਾ ਹੈ, ‘ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ’ ਚੰਨੀ ਦਾ ਅਸਲੀ ਚਿਹਰਾ ਤੇ ਚਰਿੱਤਰ ਹੁਣ ਜਲੰਧਰ ਹਲਕੇ ਦਾ ਹਰ ਵਿਅਕਤੀ ਜਾਣਦਾ ਹੈ।
ਕਾਂਗਰਸ ਨੇ ਬਿਕਰਮਜੀਤ ਸਿੰਘ ਚੌਧਰੀ ਨੂੰ ਕੀਤਾ ਸਸਪੈਂਡ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਚੰਨੀ ਤੇ ਬਿਕਰਮਜੀਤ ਚੌਧਰੀ ਵਿਚਾਲੇ ਸ਼ਬਦੀ ਜੰਗ ਹੋਈ ਸੀ। ਚੌਧਰੀ ਨੇ ਚੰਨੀ ਨੂੰ ਸ਼ਕੁਨੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਨੂੰ ਕਾਂਗਰਸ ਤੋਂ ਸਸਪੈਂਡ ਕਰ ਦਿੱਤਾ ਸੀ। ਪਾਰਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਇਕ ਲੈਟਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਬਿਕਰਮਜੀਤ ਸਿੰਘ ਚੌਧਰੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਪਾਰਟੀ ਵਿਰੋਧੀ ਸਰਗਰਮੀਆਂ ਬਾਰੇ ਵਿਚ ਲਿਖਿਆ ਗਿਆ ਸੀ।