ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖੇਤੀ ਬਿੱਲਾਂ ਉੱਤੇ ਮਚੇ ਵਿਵਾਦ ਵਿਚਾਲੇ ਅੱਜ ਸੋਮਵਾਰ ਨੂੰ ਕੇਂਦਰ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮੱਰਥਨ ਮੁੱਲ (ਐਮਐਸਪੀ) ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਕਣਕ, ਚਣੇ,ਸਰ੍ਹੋਂ, ਜੌਂ ਅਤੇ ਮਸੂਰ ਦੇ ਸਮਰਥਨ ਮੁੱਲ ਵਿਚ ਵਾਧਾ ਕੀਤਾ ਹੈ ਜਿਸ ਤੋਂ ਬਾਅਦ ਇਨ੍ਹਾਂ ਫਸਲਾਂ ਦੀ ਕੀਮਤ ਹੋਰ ਵੀ ਵੱਧ ਗਈ ਹੈ।
ਹਾੜੀ ਸੀਜ਼ਨ ਵਿਚ ਸੱਭ ਤੋਂ ਵੱਧ ਪੈਦਾਵਰ ਹੋਣ ਵਾਲੀ ਕਣਕ, ਦੇ ਐਮਐਸਪੀ ਵਿਚ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ ਹੁਣ ਵੱਧ ਕੇ 1975 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਇਸ ਤਰ੍ਹਾਂ ਚਣੇ ਦੇ ਸਮੱਰਥਣ ਮੁੱਲ ਵਿਚ 225 ਰੁਪਏ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 5100 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਸਰ੍ਹੋਂ ਦੀ ਐਮਐਸਪੀ ਵਿਚ 225 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ 4650 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਜਦਕਿ ਮਸੂਰ ਦੇ ਸਮੱਰਥਨ ਨੂੰ 300 ਰੁਪਏ ਵਧਾਇਆ ਗਿਆ ਹੈ ਜਿਸ ਨਾਲ ਇਹ 5100 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ, ਉੱਥੇ ਹੀ ਜੌਂ ਦੀ ਐਮਐਸਪੀ ਵਿਚ 75 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਹ 1600 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਦੱਸ ਦਈਏ ਕਿ ਪਿਛਲੇ ਸਾਲ ਸਰਕਾਰ ਨੇ ਕਣਕ ਦੇ ਲਈ 1925, ਚਣੇ ਲਈ 4875, ਜੌ ਲਈ 1525, ਸਰ੍ਹੋਂ ਲਈ 4425 ਅਤੇ ਮਸੂਰ ਲਈ 4800 ਰੁਪਏ ਪ੍ਰਤੀ ਕੁਇੰਟਲ ਸਮੱਰਥਨ ਮੁੱਲ ਐਲਾਨ ਕੀਤਾ ਸੀ।